ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਉਸਨੂੰ ਪ੍ਰਯਾਗਰਾਜ ਦੇ ਮਹਾਕੁੰਭ ਤੋਂ ਲਿਆਂਦਾ ਗਿਆ ਗੰਗਾ ਜਲ ਭੇਟ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਤੁਲਸੀ ਗਬਾਰਡ ਦਾ ਭਾਰਤ ਵਿੱਚ ਸਵਾਗਤ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਅਤੇ ਭਾਰਤ ਦੋਵੇਂ ਅੱਤਵਾਦ ਦਾ ਮੁਕਾਬਲਾ ਕਰਨ ਅਤੇ ਸਮੁੰਦਰੀ ਅਤੇ ਸਾਈਬਰ ਸੁਰੱਖਿਆ ਸਹਿਯੋਗ ਵਧਾਉਣ ਲਈ ਵਚਨਬੱਧ ਹਨ। ਉਨ੍ਹਾਂ ਪੋਸਟ ਵਿੱਚ ਕਿਹਾ ਕਿ ਭਾਰਤ ਵਿੱਚ ਤੁਲਸੀ ਗਬਾਰਡ ਦਾ ਸਵਾਗਤ ਕਰਨਾ ਖੁਸ਼ੀ ਦੀ ਗੱਲ ਹੈ, ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਇਸ ਦੌਰਾਨ ਤੁਲਸੀ ਗਬਾਰਡ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਤੁਲਸੀ ਦੀ ਮਾਲਾ ਭੇਟ ਕੀਤੀ। ਮਹਾਕੁੰਭ ਬਾਰੇ ਗੱਲ ਕਰਦੇ ਹੋਏ, ਪੀਐੱਮ ਮੋਦੀ ਨੇ ਤੁਲਸੀ ਗਬਾਰਡ ਨੂੰ ਦੱਸਿਆ ਕਿ 26 ਫਰਵਰੀ ਨੂੰ ਹੋਏ ਇਸ ਧਾਰਮਿਕ ਇਕੱਠ ਵਿੱਚ 66 ਕਰੋੜ ਤੋਂ ਵੱਧ ਲੋਕ ਸ਼ਾਮਲ ਹੋਏ, ਜਿਸ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਸਮਾਗਮ ਬਣ ਗਿਆ।
ਪੀਐੱਮ ਮੋਦੀ ਨੂੰ ਮਿਲਣ ਤੋਂ ਪਹਿਲਾਂ ਤੁਲਸੀ ਗਬਾਰਡ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੋਈ ਮੀਟਿੰਗ ਵਿੱਚ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਵੱਲੋਂ ਅਮਰੀਕੀ ਧਰਤੀ 'ਤੇ ਕੀਤੀਆਂ ਜਾ ਰਹੀਆਂ ਭਾਰਤ ਵਿਰੋਧੀ ਗਤੀਵਿਧੀਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਸ਼੍ਰੀਮਦ ਭਗਵਦ ਗੀਤਾ ਤੋਂ ਮਿਲਦਾ ਹੈ ਮਾਰਗਦਰਸ਼ਨ: ਤੁਲਸੀ
ਹਿੰਦੂ ਧਰਮ ਦੀ ਪਾਲਣਾ ਕਰਨ ਵਾਲੀ ਤੁਲਸੀ ਗਬਾਰਡ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਅਕਸਰ ਚੰਗੇ ਅਤੇ ਔਖੇ ਦੋਵਾਂ ਸਮਿਆਂ ਵਿੱਚ ਸ਼੍ਰੀਮਦ ਭਗਵਦ ਗੀਤਾ ਵਿੱਚ ਭਗਵਾਨ ਕ੍ਰਿਸ਼ਨ ਦੀਆਂ ਸਿੱਖਿਆਵਾਂ ਤੋਂ ਤਾਕਤ ਅਤੇ ਮਾਰਗਦਰਸ਼ਨ ਪ੍ਰਾਪਤ ਕਰਦੀ ਹੈ।

ਭਾਰਤ-ਅਮਰੀਕਾ ਸਬੰਧਾਂ ਦੀ ਮਜ਼ਬੂਤ ਸਮਰਥਕ ਹੈ ਤੁਲਸੀ
ਤੁਲਸੀ ਗਬਾਰਡ ਐਤਵਾਰ ਸਵੇਰੇ ਨਵੀਂ ਦਿੱਲੀ ਪਹੁੰਚੀ। ਖੁਫੀਆ ਸਹਿਯੋਗ, ਸਾਈਬਰ ਸੁਰੱਖਿਆ ਅਤੇ ਰੱਖਿਆ ਸਬੰਧਾਂ 'ਤੇ ਭਾਰਤੀ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦਾ ਇਹ ਦੌਰਾ ਫਰਵਰੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਬਾਅਦ ਆਇਆ ਹੈ। ਜਿੱਥੇ ਉਹ ਤੁਲਸੀ ਗਬਾਰਡ ਨੂੰ ਮਿਲੇ ਅਤੇ ਉਨ੍ਹਾਂ ਨੂੰ ਭਾਰਤ-ਅਮਰੀਕਾ ਸਬੰਧਾਂ ਦਾ ਇੱਕ ਮਜ਼ਬੂਤ ਸਮਰਥਕ ਦੱਸਿਆ।
ਔਰੰਗਜ਼ੇਬ ਵਿਵਾਦ ਮਗਰੋਂ ਨਾਗਪੁਰ 'ਚ ਭੜਕੀ ਹਿੰਸਾ, ਝੜਪ 'ਚ ਕਈ ਪੁਲਸ ਮੁਲਾਜ਼ਮ ਜ਼ਖਮੀ
NEXT STORY