ਤਿਰੂਵਨੰਤਪੁਰਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੀ ਆਪਣੀ ਦੋ ਦਿਨਾਂ ਯਾਤਰਾ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਥੇ ਸੂਬੇ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਨੂੰ ਹਰੀ ਝੰਡੀ ਵਿਖਾਈ। ਪ੍ਰਧਾਨ ਮੰਤਰੀ ਨੇ ਤਿਰੂਵਨੰਤਪੁਰਮ ਸੈਂਟਰਲ ਰੇਲਵੇ ਤੋਂ ਟਰੇਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ਤੋਂ ਟਰੇਨ ਨੂੰ ਹਰੀ ਝੰਡੀ ਵਿਖਾਉਣ ਤੋਂ ਪਹਿਲਾਂ ਉਨ੍ਹਾਂ ਨੇ ਟਰੇਨ ਦੇ ਇਕ ਕੋਚ ਅੰਦਰ ਸਕੂਲੀ ਬੱਚਿਆਂ ਦੇ ਇਕ ਸਮੂਹ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ, ਮੁੱਖ ਮੰਤਰੀ ਪਿਨਰਾਈ ਵਿਜੈਨ ਅਤੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵੀ ਟਰੇਨ ਅੰਦਰ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਾਲ ਮੌਜੂਦ ਸਨ।
ਬੱਚਿਆਂ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਵਲੋਂ ਬਣਾਈ ਗਈ ਪ੍ਰਧਾਨ ਮੰਤਰੀ ਅਤੇ ਵੰਦੇ ਭਾਰਤ ਐਕਸਪ੍ਰੈੱਸ ਦੀ ਪੇਂਟਿੰਗ ਵੀ ਵਿਖਾਈ। ਪ੍ਰਧਾਨ ਮੰਤਰੀ ਜਦੋਂ ਟਰੇਨ ਨੂੰ ਹਰੀ ਝੰਡੀ ਵਿਖਾ ਰਹੇ ਸਨ ਤਾਂ ਉਸ ਸਮੇਂ ਉਲਟ ਦਿਸ਼ਾ ਦੇ ਪਲੇਟਫ਼ਾਰਮ 'ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਦੱਸ ਦੇਈਏ ਕਿ ਵੰਦੇ ਭਾਰਤ ਟਰੇਨ ਸੂਬੇ ਦੀ ਰਾਜਧਾਨੀ ਨੂੰ ਕੇਰਲ ਦੇ ਉੱਤਰੀ ਕਾਸਰਗੋਡ ਜ਼ਿਲ੍ਹੇ ਨਾਲ ਜੋੜੇਗੀ। ਵੰਦੇ ਭਾਰਤ ਐਕਸਪ੍ਰੈੱਸ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ, ਤ੍ਰਿਸ਼ੂਰ, ਪਲੱਕੜ, ਪਠਾਨਮਥਿੱਟਾ, ਮਲੱਪੁਰਮ, ਕੋਜ਼ੀਕੋਡ, ਕੰਨੂਰ ਅਤੇ ਕਾਸਰਗੋਡ ਵਰਗੇ 11 ਜ਼ਿਲ੍ਹਿਆਂ ਨੂੰ ਕਵਰ ਕਰੇਗੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸਵੇਰੇ ਕੋਚੀ ਤੋਂ ਇੱਥੇ ਪੁੱਜੇ। ਤਿਰੂਵਨੰਤਪੁਰਮ ਹਵਾਈ ਅੱਡੇ 'ਤੇ ਪਹੁੰਚਣ 'ਤੇ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਹਵਾਈ ਅੱਡੇ ਤੋਂ ਰੇਲਵੇ ਸਟੇਸ਼ਨ ਤੱਕ ਦੇ ਸਫ਼ਰ ਦੌਰਾਨ ਸੂਬੇ ਦੀ ਰਾਜਧਾਨੀ ਭਰ ਵਿਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਤੇ ਸੈਂਕੜੇ ਪੁਲੀਸ ਮੁਲਾਜ਼ਮ ਤਾਇਨਾਤ ਸਨ। ਏਅਰਪੋਰਟ ਤੋਂ ਰੇਲਵੇ ਸਟੇਸ਼ਨ ਤੱਕ ਦਾ ਪ੍ਰਧਾਨ ਮੰਤਰੀ ਦਾ ਪੂਰਾ 6 ਕਿਲੋਮੀਟਰ ਦਾ ਸਫ਼ਰ ਇਕ ਰੋਡ ਸ਼ੋਅ ਵਰਗਾ ਸੀ, ਜਿਸ ਵਿਚ ਪ੍ਰਧਾਨ ਮੰਤਰੀ ਆਪਣੀ ਗੱਡੀ ਦੇ ਫੁੱਟਬੋਰਡ 'ਤੇ ਖੜ੍ਹੇ ਹੋ ਕੇ ਸੜਕ ਦੇ ਕਿਨਾਰੇ ਲੋਕਾਂ ਦਾ ਹੱਥ ਹਿਲਾ ਕੇ ਧੰਨਵਾਦ ਜ਼ਾਹਰ ਕੀਤਾ।
4 ਸਾਲ ਦੇ ਬੱਚੇ ਨੇ ਨਿਗਲ ਲਈ ਸੀਟੀ, ਏਮਜ਼ ਦੇ ਡਾਕਟਰਾਂ ਨੇ ਇੰਝ ਬਚਾਈ ਜਾਨ
NEXT STORY