ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ ਦੇ ਸੰਭਾਵਿਤ ਐਲਾਨ ਤੋਂ ਪਹਿਲਾਂ ਅਗਲੇ 10 ਦਿਨਾਂ ਵਿੱਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 29 ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇਲੰਗਾਨਾ, ਤਾਮਿਲਨਾਡੂ, ਓਡੀਸ਼ਾ, ਪੱਛਮੀ ਬੰਗਾਲ, ਬਿਹਾਰ, ਜੰਮੂ-ਕਸ਼ਮੀਰ, ਅਸਾਮ, ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ ਅਤੇ ਦਿੱਲੀ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੋਮਵਾਰ ਨੂੰ ਤੇਲੰਗਾਨਾ ਦੇ ਆਦਿਲਾਬਾਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਬਾਅਦ ਵਿੱਚ ਤਾਮਿਲਨਾਡੂ ਦੇ ਕਲਪੱਕਮ ਵਿੱਚ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟੇਡ (ਭਵਿਨੀ) ਦਾ ਦੌਰਾ ਕਰਨਗੇ।
ਅਧਿਕਾਰੀਆਂ ਨੇ ਕਿਹਾ ਕਿ ਉਹ ਆਦਿਲਾਬਾਦ ਦੇ ਨਾਲ-ਨਾਲ ਚੇਨਈ 'ਚ ਵੀ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਮੋਦੀ 5 ਮਾਰਚ ਨੂੰ ਤੇਲੰਗਾਨਾ ਦੇ ਸੰਗਰੇਡੀ 'ਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਓਡੀਸ਼ਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਅਧਿਕਾਰੀਆਂ ਮੁਤਾਬਕ ਪੀ.ਐੱਮ. ਮੋਦੀ ਪੱਛਮੀ ਬੰਗਾਲ ਲਈ ਰਵਾਨਾ ਹੋਣ ਤੋਂ ਪਹਿਲਾਂ ਓਡੀਸ਼ਾ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। 6 ਮਾਰਚ ਨੂੰ ਉਹ ਕੋਲਕਾਤਾ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਬਾਰਾਸਾਤ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਫਿਰ ਬਿਹਾਰ ਦਾ ਦੌਰਾ ਕਰਨਗੇ ਅਤੇ ਬੇਤੀਆ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ 7 ਮਾਰਚ ਨੂੰ ਜੰਮੂ-ਕਸ਼ਮੀਰ ਵਿੱਚ ਰਹਿਣਗੇ ਅਤੇ ਸ਼ਾਮ ਨੂੰ ਦਿੱਲੀ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਣਗੇ। 8 ਮਾਰਚ ਨੂੰ ਉਹ ਦਿੱਲੀ ਵਿੱਚ ਪਹਿਲੇ ਨੈਸ਼ਨਲ ਕ੍ਰਿਏਟਰਜ਼ ਐਵਾਰਡ ਵਿੱਚ ਹਿੱਸਾ ਲੈਣਗੇ ਅਤੇ ਫਿਰ ਸ਼ਾਮ ਨੂੰ ਅਸਾਮ ਲਈ ਰਵਾਨਾ ਹੋਣਗੇ।
ਮੋਦੀ ਅਰੁਣਾਚਲ ਪ੍ਰਦੇਸ਼ ਦੇ ਪੱਛਮੀ ਕਾਮੇਂਗ ਵਿੱਚ ਸੇਲਾ ਸੁਰੰਗ ਦਾ ਉਦਘਾਟਨ ਕਰਨਗੇ ਅਤੇ ਫਿਰ ਈਟਾਨਗਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਅਸਾਮ ਦੇ ਜੋਰਹਾਟ ਵਿੱਚ ਅਹੋਮ ਸਾਮਰਾਜ ਦੇ ਮਹਾਨ ਕਮਾਂਡਰ ਲਚਿਤ ਬੋਰਫੁਕਨ ਦੀ ਮੂਰਤੀ ਦਾ ਉਦਘਾਟਨ ਕਰਨਗੇ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜੋਰਹਾਟ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਉਨ੍ਹਾਂ ਦੱਸਿਆ ਕਿ 10 ਮਾਰਚ ਨੂੰ ਮੋਦੀ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਵੱਖ-ਵੱਖ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਪੀ.ਐੱਮ. ਮੋਦੀ 11 ਮਾਰਚ ਨੂੰ ਦਿੱਲੀ ਵਿੱਚ ‘ਨਮੋ ਡਰੋਨ ਦੀਦੀ’ ਅਤੇ ‘ਲਖਪਤੀ ਦੀਦੀ’ ਨਾਲ ਸਬੰਧਤ ਇੱਕ ਸਮਾਗਮ ਵਿੱਚ ਸ਼ਾਮਲ ਹੋਣਗੇ ਅਤੇ ਬਾਅਦ ਵਿੱਚ ਦਵਾਰਕਾ ਐਕਸਪ੍ਰੈਸਵੇਅ ਦੇ ਹਰਿਆਣਾ ਸੈਕਸ਼ਨ ਦਾ ਉਦਘਾਟਨ ਕਰਨਗੇ। ਉਸੇ ਦਿਨ ਸ਼ਾਮ ਨੂੰ ਉਹ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੇ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ 12 ਮਾਰਚ ਨੂੰ ਗੁਜਰਾਤ ਵਿੱਚ ਸਾਬਰਮਤੀ ਅਤੇ ਰਾਜਸਥਾਨ ਦੇ ਪੋਖਰਨ ਦਾ ਦੌਰਾ ਕਰਨਗੇ ਅਤੇ ਫਿਰ 13 ਮਾਰਚ ਨੂੰ ਵੀਡੀਓ ਕਾਨਫਰੰਸ ਰਾਹੀਂ ਗੁਜਰਾਤ ਅਤੇ ਅਸਾਮ ਵਿੱਚ ਤਿੰਨ ਮਹੱਤਵਪੂਰਨ ਸੈਮੀਕੰਡਕਟਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਬੇਇਨਸਾਫ਼ੀ ਕਾਰਨ ਦੇਸ਼ 'ਚ ਨਫ਼ਰਤ ਵਧ ਰਹੀ ਹੈ: ਰਾਹੁਲ ਗਾਂਧੀ
NEXT STORY