ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਅਸਾਮ 'ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸੰਸਦ ਭਵਨ ਕੰਪਲੈਕਸ 'ਚ ਕੇਂਦਰੀ ਮੰਤਰੀਆਂ ਤੇ ਅਸਾਮ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਤੋਂ ਬਾਅਦ ਇਹ ਟਿੱਪਣੀ ਕੀਤੀ। ਇਸ ਸਾਲ ਹੁਣ ਤੱਕ ਹੜ੍ਹਾਂ ਕਾਰਨ ਸੂਬੇ 'ਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ, "ਅਸਾਮ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਵੱਖ-ਵੱਖ ਹਿੱਸਿਆਂ 'ਚ ਮੌਜੂਦਾ ਹੜ੍ਹ ਸਥਿਤੀ 'ਤੇ ਚਰਚਾ ਕੀਤੀ।
ਕੇਂਦਰ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਅਸਾਮ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀ ਹੈ। ਮੈਂ ਸਾਰਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕਰਦਾ ਹਾਂ।" ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਅਤੇ ਵਿਦੇਸ਼ ਰਾਜ ਮੰਤਰੀ ਪਬਿਤਰਾ ਮਾਰਗੇਰੀਟਾ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ASDMA) ਦੇ ਅਨੁਸਾਰ, ਸਿਵਾਸਾਗਰ, ਗੋਲਾਘਾਟ, ਚਰਾਈਦੇਵ, ਜੋਰਹਾਟ, ਨਾਗਾਓਂ ਅਤੇ ਕਾਮਰੂਪ (ਮਹਾਨਗਰ) ਜ਼ਿਲ੍ਹਿਆਂ 'ਚ ਕੁੱਲ 445,495 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ।
ASDMA ਦੇ ਅਨੁਸਾਰ, ਹੜ੍ਹ ਪੀੜਤਾਂ ਲਈ ਕੁੱਲ 90 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚ 28,695 ਲੋਕ ਪਨਾਹ ਲੈ ਰਹੇ ਹਨ। ਇਸ ਤੋਂ ਇਲਾਵਾ, 94 ਰਾਹਤ ਵੰਡ ਕੇਂਦਰ ਵੀ ਕਾਰਜਸ਼ੀਲ ਹਨ। ਬੁਲੇਟਿਨ ਦੇ ਅਨੁਸਾਰ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF), ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF), ਅਤੇ ਸਿਵਲ ਡਿਫੈਂਸ ਕਰਮਚਾਰੀਆਂ ਸਮੇਤ ਕਈ ਏਜੰਸੀਆਂ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਸ਼ਾਮਲ ਹਨ, ਅਤੇ ਪ੍ਰਭਾਵਿਤ ਖੇਤਰਾਂ ਵਿੱਚ 67 ਕਿਸ਼ਤੀਆਂ ਤਾਇਨਾਤ ਕੀਤੀਆਂ ਗਈਆਂ ਹਨ। ASDMA ਦੇ ਅਨੁਸਾਰ, 37,139.52 ਹੈਕਟੇਅਰ ਫਸਲਾਂ ਡੁੱਬ ਗਈਆਂ ਅਤੇ 26,679 ਪਸ਼ੂ ਵਹਿ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਹੜ੍ਹ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ।
DRI ਦੀ ਵੱਡੀ ਕਾਰਵਾਈ ! ਵਾਰਾਣਸੀ ਹਵਾਈ ਅੱਡੇ 'ਤੇ 70 ਲੱਖ ਰੁਪਏ ਦਾ ਸੋਨਾ ਜ਼ਬਤ
NEXT STORY