ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਉੱਤਰ-ਪੂਰਬ ਦੇ ਖੇਤਰ ਨੂੰ ਵੋਟਾਂ ਦੀ ਗਿਣਤੀ ਨਾਲ ਤੋਲਿਆ ਜਾਂਦਾ ਰਿਹਾ ਹੈ ਪਰ ਜਦੋਂ ਤੋਂ ਕੇਂਦਰ ’ਚ ਰਾਸ਼ਟਰੀ ਜਮਹੂਰੀ ਗੱਠਜੋੜ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਉਨ੍ਹਾਂ ਦਿੱਲੀ ਅਤੇ ਦਿਲ ਤੋਂ ਦੂਰੀ ਦੇ ਅਹਿਸਾਸ ਨੂੰ ਘਟਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਸ਼ੁੱਕਰਵਾਰ ਰਾਸ਼ਟਰੀ ਰਾਜਧਾਨੀ ਦੇ ‘ਭਾਰਤ ਮੰਡਪਮ’ ’ਚ 3 ਦਿਨਾਂ ‘ਅਸ਼ਟਲਕਸ਼ਮੀ ਮਹੋਤਸਵ’ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਦੇ 8 ਸੂਬਿਆਂ ਅਾਸਾਮ, ਅਰੁਣਾਚਲ ਪ੍ਰਦੇਸ਼, ਮਣੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ ਅਤੇ ਸਿੱਕਮ ’ਚ ਅਸ਼ਟਲਕਸ਼ਮੀ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਇਹ ਵੀ ਭਰੋਸਾ ਪ੍ਰਗਟਾਇਆ ਕਿ ਆਉਣ ਵਾਲਾ ਸਮਾਂ ਪੂਰਬੀ ਭਾਰਤ ਤੇ ਉੱਤਰ-ਪੂਰਬ ਦਾ ਹੋਵੇਗਾ।
ਉਨ੍ਹਾਂ ਕਿਹਾ ਕਿ 'ਅਸੀਂ ਲੰਬੇ ਸਮੇਂ ਤੋਂ ਵੇਖਿਆ ਹੈ ਕਿ ਵਿਕਾਸ ਨੂੰ ਵੋਟਾਂ ਦੀ ਗਿਣਤੀ ਨਾਲ ਕਿਵੇਂ ਮਾਪਿਆ ਜਾਂਦਾ ਹੈ? ਉੱਤਰ-ਪੂਰਬ ’ਚ ਵੋਟਾਂ ਵੀ ਘੱਟ ਸਨ ਤੇ ਸੀਟਾਂ ਵੀ ਘੱਟ ਸਨ। ਇਸ ਲਈ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਉੱਥੋਂ ਦੇ ਵਿਕਾਸ ਵੱਲ ਧਿਆਨ ਨਹੀਂ ਦਿੱਤਾ ਗਿਆ।
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਉੱਤਰੀ-ਪੂਰਬੀ ਖੇਤਰ ਦੇ ਵਿਕਾਸ ਲਈ ਵੱਖਰੇ ਮੰਤਰਾਲਾ ਦੇ ਗਠਨ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ ’ਚ ਅਸੀਂ ਦਿੱਲੀ ਅਤੇ ਦਿੱਲ ਤੋਂ ਦੂਰੀ ਦੀ ਭਾਵਨਾ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਮੋਦੀ ਨੇ ਕਿਹਾ ਕਿ ਪਿਛਲੇ ਦਹਾਕਿਆਂ ’ਚ ਮੁੰਬਈ, ਅਹਿਮਦਾਬਾਦ, ਦਿੱਲੀ, ਚੇਨਈ, ਬੈਂਗਲੁਰੂ ਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਦਾ ਉਭਾਰ ਵੇਖਿਆ ਗਿਆ । ਹੁਣ ਆਉਣ ਵਾਲੇ ਦਹਾਕਿਆਂ ’ਚ ਗੁਹਾਟੀ, ਅਗਰਤਲਾ, ਇੰਫਾਲ, ਈਟਾਨਗਰ, ਗੰਗਟੋਕ, ਕੋਹੀਮਾ , ਆਈਜ਼ੋਲ ਤੇ ਸ਼ਿਲਾਂਗ ਵਰਗੇ ਸ਼ਹਿਰਾਂ ਦਾ ਉਭਾਰ ਦੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਅਸੀਂ ਉੱਤਰੀ-ਪੂਰਬੀ ਸੂਬਿਆਂ ਨੂੰ ਭਾਰਤ ਦੀ ਵਿਕਾਸ ਦੀ ਕਹਾਣੀ ਨਾਲ ਜੋੜਨ ਲਈ ਹਰ ਸੰਭਵ ਕਦਮ ਚੁੱਕੇ। ਕੇਂਦਰ ਸਰਕਾਰ ਦੇ ਮੰਤਰੀ 700 ਤੋਂ ਵੱਧ ਵਾਰ ਉੱਤਰ-ਪੂਰਬ ਦਾ ਦੌਰਾ ਕਰ ਚੁੱਕੇ ਹਨ। ਉੱਥੇ ਨਿਵੇਸ਼ ਵਧਿਆ ਹੈ। ਇਸ ਨਾਲ ਉੱਤਰ-ਪੂਰਬ ਤੇ ਇਸ ਦੇ ਵਿਕਾਸ ਨਾਲ ਸਰਕਾਰ ਦਾ ਭਾਵਨਾਤਮਕ ਸੰਪਰਕ ਵੀ ਬਣਿਆ ਹੈ। ਉੱਥੋਂ ਦੇ ਵਿਕਾਸ ਨੂੰ ਹੈਰਾਨੀਜਨਕ ਹੁਲਾਰਾ ਮਿਲਿਆ ਹੈ।
ਨਰੇਲਾ 'ਚ ਗੈਸ ਸਿਲੰਡਰ 'ਚ ਹੋਇਆ ਜ਼ਬਰਦਸਤ ਧਮਾਕਾ, 6 ਲੋਕ ਬੁਰੀ ਤਰ੍ਹਾਂ ਝੁਲਸੇ
NEXT STORY