ਭੋਪਾਲ- ਭੋਪਾਲ ਦੇ ਇਕ ਕਾਲਜ ਦੀਆਂ ਕੁਝ ਵਿਦਿਆਰਥਣਾਂ ਨਾਲ ਜਬਰ-ਜ਼ਿਨਾਹ ਅਤੇ ਬਲੈਕਮੇਲ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤੇ ਗਏ ਮੁੱਖ ਦੋਸ਼ੀ ਨੇ ਇਕ ਪੁਲਸ ਮੁਲਾਜ਼ਮ ਤੋਂ ਪਿਸਤੌਲ ਖੋਹ ਕੇ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਥਿਆਰ ਤੋਂ ਚੱਲੀ ਗੋਲੀ ਕਾਰਨ ਉਹ ਜ਼ਖਮੀ ਹੋ ਗਿਆ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਮੱਧ ਪ੍ਰਦੇਸ਼ ਦੀ ਰਾਜਧਾਨੀ ਦੇ ਨੇੜੇ ਵਾਪਰੀ, ਜਦੋਂ ਪੁਲਸ ਮੁਲਜ਼ਮ ਨੂੰ ਸਬੂਤ ਇਕੱਠੇ ਕਰਨ ਲਈ ਅਪਰਾਧ ਵਾਲੀ ਥਾਂ 'ਤੇ ਲੈ ਜਾ ਰਹੀ ਸੀ। ਆਪਣੀ ਪਛਾਣ ਲੁਕਾ ਕੇ ਵਿਦਿਆਰਥਣਾਂ ਨਾਲ ਜਬਰ-ਜ਼ਿਨਾਹ ਕਰਨ ਅਤੇ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਦੋਸ਼ ਵਿਚ ਪੁਲਸ ਵਲੋਂ ਹੁਣ ਤੱਕ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀ. ਸੀ. ਪੀ) ਪ੍ਰਿਯੰਕਾ ਸ਼ੁਕਲਾ ਨੇ ਦੱਸਿਆ ਕਿ ਮੁੱਖ ਦੋਸ਼ੀ ਫਰਹਾਨ ਅਲੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬਿਲਕੀਸਗੰਜ ਦੇ ਇਕ ਕਮਰੇ 'ਚ ਅਬਰਾਰ ਨਾਮਕ ਇਕ ਹੋਰ ਦੋਸ਼ੀ ਨਾਲ ਰਿਹਾ ਸੀ। ਉਸ ਨੇ ਕਿਹਾ ਕਿ ਅਸ਼ੋਕਾ ਗਾਰਡਨ ਥਾਣੇ ਦੇ ਪੁਲਸ ਮੁਲਾਜ਼ਮ ਸ਼ੁੱਕਰਵਾਰ ਰਾਤ ਨੂੰ ਸਬੂਤ ਇਕੱਠੇ ਕਰਨ ਲਈ ਫਰਹਾਨ ਨੂੰ ਬਿਲਕੀਸਗੰਜ ਲੈ ਜਾ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਜਦੋਂ ਉਹ ਰਾਤੀਬੜ ਥਾਣਾ ਖੇਤਰ ਦੇ ਸਰਵਰ ਪਿੰਡ ਪਹੁੰਚੇ ਤਾਂ ਦੋਸ਼ੀ ਨੇ ਪਿਸ਼ਾਬ ਕਰਨ ਦੀ ਗੱਲ ਆਖੀ, ਜਿਸ ਤੋਂ ਬਾਅਦ ਪੁਲਸ ਦੀ ਗੱਡੀ ਨੂੰ ਰੋਕਿਆ ਗਿਆ। ਇਸ ਦੌਰਾਨ ਫਰਹਾਨ ਨੇ ਇਕ ਸਬ-ਇੰਸਪੈਕਟਰ ਤੋਂ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਝਗੜੇ ਦੌਰਾਨ ਹਥਿਆਰ ਤੋਂ ਗੋਲੀ ਚੱਲ ਗਈ। ਸ਼ੁਕਲਾ ਨੇ ਕਿਹਾ ਕਿ ਦੋਸ਼ੀ ਦੀ ਲੱਤ ਵਿੱਚ ਸੱਟ ਲੱਗੀ ਹੈ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ।
ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਰਹਾਨ ਅਲੀ ਅਤੇ ਹੋਰ ਮੁਲਜ਼ਮਾਂ ਵਿਰੁੱਧ ਅਸ਼ੋਕਾ ਗਾਰਡਨ ਥਾਣੇ ਵਿਚ ਧਾਰਾ 64 (ਜਬਰ-ਜ਼ਿਨਾਹ), 61 (ਸਮੂਹਿਕ ਜਬਰ-ਜ਼ਿਨਾਹ) ਅਤੇ ਸੂਚਨਾ ਅਤੇ ਤਕਨਾਲੋਜੀ ਐਕਟ ਅਤੇ ਧਰਮ ਦੀ ਆਜ਼ਾਦੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਸ਼ੋਕਾ ਗਾਰਡਨ ਥਾਣੇ ਦੇ ਇੰਚਾਰਜ ਹੇਮੰਤ ਸ਼੍ਰੀਵਾਸਤਵ ਨੇ ਕਿਹਾ ਕਿ ਦੂਜੇ ਮੁਲਜ਼ਮ ਅਬਰਾਰ ਦੀ ਭਾਲ ਅਤੇ ਸਬੂਤ ਇਕੱਠੇ ਕਰਨ ਲਈ ਫਰਹਾਨ ਨੂੰ ਬਿਲਕੀਸਗੰਜ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰਹਾਨ ਨੇ ਪਿਸਤੌਲ ਖੋਹ ਲਈ ਅਤੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਵਿਚ ਦੋ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਸ਼ਹਿਰ ਦੇ ਇਕ ਨਿੱਜੀ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਵੱਲੋਂ ਜਬਰ-ਜ਼ਿਨਾਹ ਅਤੇ ਇਤਰਾਜ਼ਯੋਗ ਵੀਡੀਓ ਰਾਹੀਂ ਬਲੈਕਮੇਲ ਕਰਨ ਦੇ ਦੋਸ਼ ਲਗਾਉਣ ਤੋਂ ਬਾਅਦ ਪੁਲਸ ਨੇ 25 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਸੀ। ਬਾਅਦ ਵਿਚ ਇਕ ਹੋਰ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ।
3 ਸਾਲਾ ਕੁੜੀ ਨੇ 'ਸੰਥਾਰਾ' ਪਰੰਪਰਾ ਰਾਹੀਂ ਤਿਆਗੇ ਪ੍ਰਾਣ, ਮਾਪਿਆਂ ਨੇ ਖ਼ੁਦ ਲਿਆ ਫ਼ੈਸਲਾ
NEXT STORY