ਨਵੀਂ ਦਿੱਲੀ, (ਭਾਸ਼ਾ)- ਕੇਂਦਰ ਸਰਕਾਰ ਨੇ ਭਾਰਤ ਦੇ ਅਗਲੇ ਚੀਫ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਵੀਰਵਾਰ ਨੂੰ ਸ਼ੁਰੂ ਕਰ ਦਿੱਤੀ। ਮੌਜੂਦਾ ਚੀਫ ਜਸਟਿਸ ਬੀ. ਆਰ. ਗਵਈ 23 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਜਸਟਿਸ ਗਵਈ ਨੂੰ ਉਨ੍ਹਾਂ ਦੇ ਉੱਤਰਾਧਿਕਾਰੀ ਦੇ ਨਾਂ ਦੀ ਸਿਫ਼ਾਰਸ਼ ਕਰਨ ਲਈ ਕਹਿਣ ਨਾਲ ਸਬੰਧਤ ਪੱਤਰ ਵੀਰਵਾਰ ਸ਼ਾਮ ਜਾਂ ਸ਼ੁੱਕਰਵਾਰ ਤੱਕ ਮਿਲ ਜਾਏਗਾ।
ਮੈਮੋਰੰਡਮ ਦੀ ਪ੍ਰਕਿਰਿਆ ਮੁਤਾਬਕ, ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਜੱਜਾਂ ਦੀ ਨਿਯੁਕਤੀ, ਤਬਾਦਲੇ ਅਤੇ ਤਰੱਕੀ ਲਈ ਨਿਯਮ ਨਿਰਧਾਰਤ ਕਰਨ ਵਾਲੇ ਦਸਤਾਵੇਜ਼ਾਂ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਚੀਫ ਜਸਟਿਸ ਦਾ ਅਹੁਦਾ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਕੋਲ ਹੋਣਾ ਚਾਹੀਦਾ ਹੈ ਜਿਸਨੂੰ ਇਹ ਅਹੁਦਾ ਸੰਭਾਲਣ ਲਈ ਯੋਗ ਮੰਨਿਆ ਜਾਵੇ।
ਮੈਮੋਰੰਡਮ ਦੀ ਪ੍ਰਕਿਰਿਆ ਮੁਤਾਬਕ, ਕੇਂਦਰੀ ਕਾਨੂੰਨ ਮੰਤਰੀ ਭਾਰਤ ਦੇ ਚੀਫ ਜਸਟਿਸ ਤੋਂ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਲਈ ‘ਉਚਿਤ ਸਮੇਂ ’ਤੇ’ ਸਿਫ਼ਾਰਸ਼ ਮੰਗਣਗੇ। ਰਵਾਇਤੀ ਤੌਰ ’ਤੇ, ਸਿਫਾਰਸ਼ ਮੰਗਣ ਸਬੰਧੀ ਪੱਤਰ ਚੀਫ ਜਸਟਿਸ ਦੀ 65 ਸਾਲ ਦੀ ਉਮਰ ਵਿਚ ਸੇਵਾਮੁਕਤੀ ਤੋਂ ਇਕ ਮਹੀਨਾ ਪਹਿਲਾਂ ਭੇਜਿਆ ਜਾਂਦਾ ਹੈ।
ਜਸਟਿਸ ਸੂਰਿਆਕਾਂਤ ਜਸਟਿਸ ਗਵਈ ਤੋਂ ਬਾਅਦ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ ਅਤੇ ਭਾਰਤੀ ਨਿਆਂਪਾਲਿਕਾ ਦੇ ਅਗਲੇ ਮੁਖੀ ਬਣਨ ਦੀ ਕਤਾਰ ਵਿਚ ਪਹਿਲੇ ਨੰਬਰ ’ਤੇ ਹਨ।
ਜਸਟਿਸ ਸੂਰਿਆਕਾਂਤ ਦੀ ਨਿਯੁਕਤੀ ਨੂੰ ਮਨਜ਼ੂਰੀ ਮਿਲਦੀ ਹੈ ਤਾਂ ਉਹ 24 ਨਵੰਬਰ ਨੂੰ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਣਗੇ ਅਤੇ 9 ਫਰਵਰੀ, 2027 ਤੱਕ ਲੱਗਭਗ 15 ਮਹੀਨਿਆਂ ਲਈ ਇਸ ਅਹੁਦੇ ’ਤੇ ਰਹਿਣਗੇ।
ਅੱਲਾਵਰੂ ਦੀ ਥਾਂ ਮਨੀਸ਼ ਸ਼ਰਮਾ ਬਣੇ ਯੂਥ ਕਾਂਗਰਸ ਦੇ ਇੰਚਾਰਜ
NEXT STORY