ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦੇ ਮੁਖਰਜੀ ਨਗਰ ਇਲਾਕੇ ਵਿੱਚ ਇੱਕ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ 30 ਸਾਲਾ ਮਾਸੀ ਨੇ ਆਪਣੇ ਹੀ 2 ਸਾਲ ਦੇ ਮਾਸੂਮ ਭਾਣਜੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਖ਼ੌਫ਼ਨਾਕ ਵਾਰਦਾਤ ਤੋਂ ਬਾਅਦ ਮੁਲਜ਼ਮ ਔਰਤ ਕਾਫ਼ੀ ਦੇਰ ਤੱਕ ਪਾਰਕ ਵਿੱਚ ਬੱਚੇ ਦੀ ਲਾਸ਼ ਆਪਣੀ ਗੋਦ ਵਿੱਚ ਲੈ ਕੇ ਬੈਠੀ ਰਹੀ।
ਜਾਣਕਾਰੀ ਅਨੁਸਾਰ, ਮ੍ਰਿਤਕ ਬੱਚੇ ਦੀ ਪਛਾਣ ਹਾਦੀ (2) ਪੁੱਤਰ ਆਦਿਲ ਵਜੋਂ ਹੋਈ ਹੈ, ਜੋ ਦਿੱਲੀ ਦੇ ਸੀਲਮਪੁਰ ਇਲਾਕੇ ਦਾ ਰਹਿਣ ਵਾਲਾ ਸੀ। ਹਾਦੀ ਰਮਜ਼ਾਨ ਦੇ ਮੌਕੇ 'ਤੇ ਆਪਣੀ ਮਾਂ ਉਜ਼ਮਾ ਨਾਲ ਮੁਖਰਜੀ ਨਗਰ ਸਥਿਤ SFS ਫਲੈਟਸ ਵਿੱਚ ਆਪਣੇ ਮਾਮੇ ਦੇ ਘਰ (ਨਾਨਕੇ) ਆਇਆ ਹੋਇਆ ਸੀ।
ਪੁਲਸ ਮੁਤਾਬਕ, ਸ਼ੁੱਕਰਵਾਰ ਦੁਪਹਿਰ ਕਰੀਬ 1:30 ਵਜੇ SFS ਫਲੈਟਸ ਦੇ ਪਾਰਕ ਵਿੱਚ ਕੰਮ ਕਰ ਰਹੇ ਇੱਕ ਮਾਲੀ ਨੇ ਮੁਲਜ਼ਮ ਮਾਸੀ ਅਜ਼ਰਾ (30) ਨੂੰ ਬੱਚੇ ਦਾ ਗਲਾ ਘੁੱਟਦੇ ਹੋਏ ਦੇਖਿਆ। ਮਾਲੀ ਵੱਲੋਂ ਰੌਲਾ ਪਾਉਣ 'ਤੇ ਸਥਾਨਕ ਲੋਕ ਇਕੱਠੇ ਹੋ ਗਏ। ਇੱਕ ਵਿਅਕਤੀ ਨੇ ਹਾਦੀ ਨੂੰ ਅਜ਼ਰਾ ਦੇ ਚੰਗੁਲ ਵਿੱਚੋਂ ਛੁਡਵਾ ਕੇ ਤੁਰੰਤ 'ਨਿਊ ਲਾਈਫ ਹਸਪਤਾਲ' ਪਹੁੰਚਾਇਆ, ਪਰ ਉੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ।
ਸਥਾਨਕ ਲੋਕਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਟੀਮ ਲਈ ਹੈਰਾਨ ਕਰਨ ਵਾਲੀ ਗੱਲ ਇਹ ਰਹੀ ਕਿ ਅਜ਼ਰਾ ਬੱਚੇ ਦੀ ਲਾਸ਼ ਨੂੰ ਛੱਡਣ ਲਈ ਤਿਆਰ ਨਹੀਂ ਸੀ। ਪੁਲਸ ਨੂੰ ਲਾਸ਼ ਕਬਜ਼ੇ ਵਿੱਚ ਲੈਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪਈ। ਪੁਲਸ ਨੇ ਮੁਲਜ਼ਮ ਮਾਸੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਘਿਨਾਉਣੇ ਅਪਰਾਧ ਤੋਂ ਬਾਅਦ SFS ਫਲੈਟਸ ਵਿੱਚ ਦਹਿਸ਼ਤ ਅਤੇ ਗ਼ਮ ਦਾ ਮਾਹੌਲ ਹੈ। ਲੋਕ ਹੈਰਾਨ ਹਨ ਕਿ ਇੱਕ ਮਾਸੀ ਇੰਨੀ ਹੈਵਾਨ ਕਿਵੇਂ ਹੋ ਸਕਦੀ ਹੈ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਕਤਲ ਪਿੱਛੇ ਕੋਈ ਪਰਿਵਾਰਕ ਰੰਜਿਸ਼ ਸੀ ਜਾਂ ਕੋਈ ਹੋਰ ਵਜ੍ਹਾ।
ਬਾਂਦਾ : 34 ਬੱਚਿਆਂ ਨਾਲ ਦਰਿੰਦਗੀ ਕਰਨ ਵਾਲੇ ਪਤੀ-ਪਤਨੀ ਨੂੰ ਫਾਂਸੀ ਦੀ ਸਜ਼ਾ
NEXT STORY