ਨਵੀਂ ਦਿੱਲੀ/ਬੇਂਗਲੁਰੂ: ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਮੁਖੀ ਵੀ. ਨਾਰਾਇਣਨ ਨੇ ਸਪੱਸ਼ਟ ਕੀਤਾ ਹੈ ਕਿ ਪਿਛਲੇ ਹਫ਼ਤੇ ਪੀ.ਐੱਸ.ਐੱਲ.ਵੀ. (PSLV) ਰਾਕੇਟ ਮਿਸ਼ਨ ਦੀ ਅਸਫਲਤਾ ਦਾ ਭਾਰਤ ਦੇ ਅਹਿਮ 'ਗਗਨਯਾਨ ਮਿਸ਼ਨ' 'ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਗਗਨਯਾਨ ਮਿਸ਼ਨ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਵਿੱਚ ਹੈ।
ਦੋਵੇਂ ਸੁਤੰਤਰ ਪ੍ਰੋਗਰਾਮ ਹਨ: ਇਸਰੋ ਮੁਖੀ
ਵੀ. ਨਾਰਾਇਣਨ ਨੇ ਕੋਇੰਬਟੂਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਗਨਯਾਨ ਅਤੇ ਪੀ.ਐੱਸ.ਐੱਲ.ਵੀ. ਦੋਵੇਂ ਵੱਖ-ਵੱਖ ਅਤੇ ਸੁਤੰਤਰ ਮਿਸ਼ਨ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਗਗਨਯਾਨ ਮਿਸ਼ਨ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਇਸਰੋ ਮੁਖੀ ਅਨੁਸਾਰ, ਫਿਲਹਾਲ ਪੀ.ਐੱਸ.ਐੱਲ.ਵੀ. ਰਾਕੇਟ ਮਿਸ਼ਨ ਦੀ ਅਸਫਲਤਾ ਦੇ ਕਾਰਨਾਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਅਤੇ ਜਾਂਚ ਪੂਰੀ ਹੋਣ 'ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਗਗਨਯਾਨ ਮਿਸ਼ਨ ਦੀ ਅਹਿਮੀਅਤ
ਗਗਨਯਾਨ ਪ੍ਰੋਜੈਕਟ ਦਾ ਮੁੱਖ ਉਦੇਸ਼ ਭਾਰਤ ਦੀ ਉਸ ਸਮਰੱਥਾ ਨੂੰ ਸਾਬਤ ਕਰਨਾ ਹੈ ਜਿਸ ਨਾਲ ਮਨੁੱਖਾਂ ਨੂੰ ਪੁਲਾੜ ਵਿੱਚ ਭੇਜ ਕੇ ਸੁਰੱਖਿਅਤ ਵਾਪਸ ਧਰਤੀ 'ਤੇ ਲਿਆਂਦਾ ਜਾ ਸਕੇ। ਇਸ ਮਿਸ਼ਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਅਹਿਮ ਪ੍ਰਣਾਲੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਸਫਲਤਾਪੂਰਵਕ ਕੀਤੇ ਜਾ ਚੁੱਕੇ ਹਨ ਟੈਸਟ
ਇਸਰੋ ਨੇ ਗਗਨਯਾਨ ਲਈ ਪਿਛਲੇ ਸਾਲ ਹੀ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਨੇੜੇ ਪੈਰਾਸ਼ੂਟ ਆਧਾਰਿਤ ਗਤੀ ਘਟਾਉਣ ਵਾਲੀ ਪ੍ਰਣਾਲੀ ਦਾ ਪਹਿਲਾ ਏਕੀਕ੍ਰਿਤ 'ਏਅਰ ਡਰਾਪ' ਟੈਸਟ (IADT-01) ਸਫਲਤਾਪੂਰਵਕ ਪੂਰਾ ਕੀਤਾ ਸੀ। ਇਹ ਅਭਿਆਸ ਇਸਰੋ, ਭਾਰਤੀ ਵਾਯੂ ਸੈਨਾ, ਡੀ.ਆਰ.ਡੀ.ਓ. (DRDO), ਭਾਰਤੀ ਨੌਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਦੁਆਰਾ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਪੈਰਾਸ਼ੂਟ ਪ੍ਰਣਾਲੀ ਮਿਸ਼ਨ ਦੌਰਾਨ ਚਾਲਕ ਦਲ ਦੇ ਮਾਡਿਊਲ ਦੀ ਸੁਰੱਖਿਅਤ ਲੈਂਡਿੰਗ ਲਈ ਬੇਹੱਦ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਇਸਰੋ ਦੇ ਮੈਗਾ ਰੋਡਮੈਪ ਅਨੁਸਾਰ ਸਾਲ 2027 ਵਿੱਚ ਮਾਨਵ ਮਿਸ਼ਨ ਅਤੇ 2028 ਵਿੱਚ ਚੰਦਰਯਾਨ-4 ਲਾਂਚ ਕਰਨ ਦੀ ਯੋਜਨਾ ਹੈ।
ਮੁੰਬਈ ਲੋਕਲ 'ਚ ਖ਼ੂਨੀ ਵਾਰਦਾਤ: ਪ੍ਰੋਫੈਸਰ ਦਾ ਚਾਕੂ ਮਾਰ ਕੇ ਕਤਲ, CCTV 'ਚ ਕੈਦ ਹੋਈ ਖ਼ੌਫਨਾਕ ਘਟਨਾ
NEXT STORY