ਪੁਣੇ- ਮਹਾਰਾਸ਼ਟਰ ਦੇ ਪੁਣੇ 'ਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਟਰਮਿਨਲ-1 ਗੇਟ 'ਤੇ ਵੀਰਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਹਾਲੇ ਸਾਫ਼ ਨਹੀਂ ਹੋ ਸਕਿਆ ਹੈ। ਮੌਕੇ 'ਤੇ ਅੱਗ ਬੁਝਾਊ 10 ਗੱਡੀਆਂ ਮੌਜੂਦ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਇਹੀ ਇੰਸਟੀਚਿਊਟ ਹੀ ਕੋਰੋਨਾ ਵੈਕਸੀਨ 'ਕੋਵਿਸ਼ੀਲਡ' ਬਣਾ ਰਹੀ ਹੈ। ਜਿਸ ਦੀ ਸਪਲਾਈ ਭਾਰਤ ਸਮੇਤ ਕਈ ਦੇਸ਼ਾਂ 'ਚ ਕੀਤੀ ਜਾ ਰਹੀ ਹੈ। ਘਟਨਾ ਦੇ ਵਾਇਰਲ ਹੋਏ ਵੀਡੀਓ 'ਚ ਭਵਨ ਤੋਂ ਧੂੰਆਂ ਉੱਠਦਾ ਦਿੱਸ ਰਿਹਾ ਹੈ। ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ,''ਕੰਪਲੈਕਸ 'ਚ ਇਕ ਭਵਨ 'ਚ ਅੱਗ ਲੱਗੀ। ਅਸੀਂ ਪਾਣੀ ਦੀਆਂ ਵਾਛੜਾਂ ਕਰਨ ਲਈ ਗੱਡੀਆਂ ਹਾਦਸੇ ਵਾਲੀ ਜਗ੍ਹਾ ਭੇਜੀਆਂ ਹਨ।'' ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਨੇ ਕਿਹਾ ਕਿ ਜਿਸ ਭਵਨ 'ਚ ਅੱਗ ਲੱਗੀ, ਉਹ ਸੀਰਮ ਕੇਂਦਰ ਦੀ ਨਿਰਮਾਣ ਅਧੀਨ ਸਾਈਟ ਦਾ ਹਿੱਸਾ ਹੈ ਅਤੇ ਅੱਗ ਲੱਗਣ ਕਾਰਨ ਕੋਵਿਡਸ਼ੀਲਡ ਦੇ ਨਿਰਮਾਣ 'ਤੇ ਪ੍ਰਭਾਵ ਨਹੀਂ ਪਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਣੇ ਦੇ ਮੰਜ਼ਰੀ 'ਚ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਨਵੇਂ ਪਲਾਂਟ 'ਚ ਅੱਗ ਲੱਗੀ ਹੈ। 300 ਕਰੋੜ ਦੀ ਲਾਗਤ ਨਾਲ ਬਣੇ ਇਸ ਪਲਾਂਟ 'ਚ ਵੱਡੇ ਪੈਮਾਨੇ 'ਤੇ ਕੋਰੋਨਾ ਦੀ ਵੈਕਸੀਨ ਦਾ ਉਤਪਾਦਨ ਕੀਤੇ ਜਾਣ ਦੀ ਯੋਜਨਾ ਹੈ। ਪਿਛਲੇ ਸਾਲ ਹੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਇਸ ਪਲਾਂਟ ਦਾ ਉਦਘਾਟਨ ਕੀਤਾ ਸੀ ਪਰ ਹਾਲੇ ਇਸ ਪਲਾਂਟ 'ਚ ਵੈਕਸੀਨ ਦਾ ਉਤਪਾਦਨ ਸ਼ੁਰੂ ਨਹੀਂ ਹੋ ਸਕਿਆ ਹੈ।
ਕੀ ਸਰਕਾਰ ਦੀ ਨਵੀਂ ਤਜਵੀਜ਼ ਨਾਲ ਸਹਿਮਤ ਹੋਣਗੇ ਕਿਸਾਨ? ਕਿਸਾਨ ਆਗੂਆਂ ਦਾ ਮੰਥਨ ਜਾਰੀ
NEXT STORY