ਜਲੰਧਰ- ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਰਾਘਵ ਚੱਢਾ ਨੇ 3 ਦਸੰਬਰ 2025 ਨੂੰ ਰਾਜ ਸਭਾ ਵਿੱਚ ਇੱਕ ਬਿਆਨ ਦਿੰਦਿਆਂ ਪੰਜਾਬ ਨੂੰ ਦਰਪੇਸ਼ ਗੰਭੀਰ ਜਲ ਸੰਕਟ 'ਤੇ ਕੇਂਦਰ ਸਰਕਾਰ ਦਾ ਧਿਆਨ ਖਿੱਚਿਆ। ਚੱਢਾ ਨੇ ਪੰਜਾਬ ਦੀ ਇਸ ਸਥਿਤੀ ਨੂੰ 'ਗ੍ਰੀਨ ਰੈਵੋਲਿਊਸ਼ਨ ਦੀ ਕੀਮਤ' ਦੱਸਿਆ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਲਈ ਕੀਤੀ ਗਈ ਸੇਵਾ ਬਦਲੇ ਮੁਆਵਜ਼ੇ ਅਤੇ ਮਦਦ ਦੀ ਮੰਗ ਕੀਤੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਹ ਕੋਈ ਮੌਸਮੀ ਮੁੱਦਾ ਨਹੀਂ, ਸਗੋਂ ਪੰਜਾਬ ਲਈ ਇੱਕ ਹੋਂਦ ਦਾ ਸੰਕਟ ਹੈ। ਚੱਢਾ ਨੇ ਆਪਣੇ ਬਿਆਨ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ "ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ" ਦਾ ਹਵਾਲਾ ਦੇ ਕੇ ਕੀਤੀ, ਜਿਸ ਵਿੱਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਹੈ।
ਰਾਸ਼ਟਰ ਸੇਵਾ ਦੀ ਕੀਮਤ: ਜ਼ਹਿਰੀਲਾ ਪਾਣੀ
ਰਾਘਵ ਚੱਢਾ ਨੇ ਦੱਸਿਆ ਕਿ ਜਦੋਂ ਦੇਸ਼ ਨੂੰ ਭੋਜਨ ਦੀ ਲੋੜ ਸੀ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਸੀ, ਤਾਂ ਪੰਜਾਬ ਨੇ ਗ੍ਰੀਨ ਰੈਵੋਲਿਊਸ਼ਨ ਲਿਆ ਕੇ ਦੇਸ਼ ਦਾ ਪੇਟ ਭਰਨ ਦਾ ਕੰਮ ਕੀਤਾ। ਇਸ ਰਾਸ਼ਟਰ ਸੇਵਾ ਦੀ ਕੀਮਤ ਵਜੋਂ, ਪੰਜਾਬ ਦੇ ਕਿਸਾਨ ਨੇ ਕੈਮੀਕਲ ਫਰਟੀਲਾਈਜ਼ਰ, ਕੀਟਨਾਸ਼ਕਾਂ ਅਤੇ ਬਹੁਤ ਜ਼ਿਆਦਾ ਪਾਣੀ ਪੀਣ ਵਾਲੀ ਫ਼ਸਲ ਝੋਨੇ (ਪੈਡੀ) ਦੀ ਖੇਤੀ ਕੀਤੀ। ਇਸ ਦੇ ਨਾਲ ਹੀ, ਟਿਊਬਵੈੱਲ ਰਾਹੀਂ ਪਾਣੀ ਦੀ ਜ਼ਿਆਦਾ ਵਰਤੋਂ ਕੀਤੀ, ਜਿਸ ਕਾਰਨ ਅੱਜ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਰਿਹਾ ਹੈ ਅਤੇ ਜਲ ਸਾਰਣੀ (ਵਾਟਰ ਟੇਬਲ) ਹੇਠਾਂ ਡਿੱਗ ਰਹੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪੰਜਾਬੀ ਕਿਸਾਨ ਦੀ ਗਲਤੀ ਨਹੀਂ ਹੈ, ਸਗੋਂ ਇਹ ਉਹ ਕੀਮਤ ਹੈ ਜੋ ਪੰਜਾਬ ਨੇ ਰਾਸ਼ਟਰ ਸੇਵਾ ਲਈ ਚੁਕਾਈ ਹੈ, ਜਿਸ ਨੂੰ ਨਾ ਤਾਂ ਕਦੇ ਮਾਨਤਾ ਮਿਲੀ ਅਤੇ ਨਾ ਹੀ ਇਸਦਾ ਕੋਈ ਮੁਆਵਜ਼ਾ ਦਿੱਤਾ ਗਿਆ।
'ਕੈਂਸਰ ਟ੍ਰੇਨ' ਪੰਜਾਬ ਦੀ ਸੱਚਾਈ
ਚੱਢਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਗਰਾਊਂਡ ਵਾਟਰ ਕੁਆਲਿਟੀ ਅਸੈਸਮੈਂਟ ਰਿਪੋਰਟ 2025 ਮੁਤਾਬਕ, ਪੰਜਾਬ ਸੂਬੇ ਵਿੱਚ ਯੂਰੇਨੀਅਮ ਦੀ ਸਭ ਤੋਂ ਵੱਧ ਮਿਲਾਵਟ ਦੇਖੀ ਗਈ ਹੈ। ਯੂਰੇਨੀਅਮ, ਜੋ ਕਿ ਇੱਕ ਰੇਡੀਓਐਕਟਿਵ ਭਾਰੀ ਧਾਤ ਹੈ, ਇਸਦੇ ਕਾਰਨ ਗੁਰਦੇ ਖਰਾਬ ਹੁੰਦੇ ਹਨ, ਕੈਂਸਰ ਹੁੰਦਾ ਹੈ, ਹੱਡੀਆਂ ਖਰਾਬ ਹੁੰਦੀਆਂ ਹਨ, ਅਤੇ ਆਉਣ ਵਾਲੀਆਂ ਨਸਲਾਂ ਵਿੱਚ ਅਪੰਗਤਾ ਦੇਖੀ ਜਾ ਰਹੀ ਹੈ। ਇਹ ਜਾਣਕਾਰੀ ਦਿੱਤੀ ਗਈ ਕਿ ਮੌਨਸੂਨ ਤੋਂ ਬਾਅਦ ਲਏ ਗਏ 62.5% ਗਰਾਊਂਡ ਵਾਟਰ ਸੈਂਪਲਜ਼ ਵਿੱਚ ਯੂਰੇਨੀਅਮ ਦੀ ਮਾਤਰਾ ਸੁਰੱਖਿਅਤ ਸੀਮਾ ਤੋਂ ਵੱਧ ਪਾਈ ਗਈ ਹੈ। ਯੂਰੇਨੀਅਮ ਤੋਂ ਇਲਾਵਾ, ਆਰਸੈਨਿਕ, ਲੈੱਡ, ਕੈਡਮੀਅਮ, ਕ੍ਰੋਮੀਅਮ ਅਤੇ ਨਿੱਕਲ ਵਰਗੀਆਂ ਹੋਰ ਧਾਤਾਂ ਵੀ ਵਿਸ਼ਵ ਸਿਹਤ ਸੰਗਠਨ ਦੀਆਂ ਸੀਮਾਵਾਂ ਤੋਂ ਕਿਤੇ ਜ਼ਿਆਦਾ ਮਾਤਰਾ ਵਿੱਚ ਪੰਜਾਬ ਦੇ ਖ਼ਾਸ ਕਰਕੇ ਮਾਲਵਾ ਖੇਤਰ ਵਿੱਚ ਮਿਲੀਆਂ ਹਨ।

ਉਨ੍ਹਾਂ ਨੇ ਜ਼ਿਲ੍ਹਿਆਂ ਦਾ ਨਾਮ ਲਿਆ, ਜਿਨ੍ਹਾਂ ਵਿੱਚ ਬਠਿੰਡਾ, ਮਾਨਸਾ, ਫਰੀਦਕੋਟ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸ਼ਾਮਲ ਹਨ। ਸੰਸਦ ਮੈਂਬਰ ਨੇ ਦੱਸਿਆ ਕਿ ਮਾਲਵਾ ਖੇਤਰ ਦੀ ਇੱਕ ਟ੍ਰੇਨ, ਜਿਸਦਾ ਨੰਬਰ 14703 ਹੈ ਅਤੇ ਜੋ ਬਠਿੰਡਾ ਤੋਂ ਬੀਕਾਨੇਰ ਲਈ ਰਾਤ 9:30 ਵਜੇ ਚੱਲਦੀ ਹੈ, ਵਿੱਚ ਵਪਾਰੀ ਜਾਂ ਸ਼ਰਧਾਲੂ ਨਹੀਂ, ਸਗੋਂ ਕੈਂਸਰ ਦੇ ਮਰੀਜ਼ ਇਲਾਜ ਲਈ ਆਚਾਰੀਆ ਤੁਲਸੀ ਖੇਤਰੀ ਕੈਂਸਰ ਹਸਪਤਾਲ ਜਾਂਦੇ ਹਨ। ਇਸ ਲਈ, ਪੰਜਾਬ ਦੇ ਲੋਕ ਇਸ ਟ੍ਰੇਨ ਨੂੰ ਨੰਬਰ ਦੀ ਬਜਾਏ 'ਕੈਂਸਰ ਟ੍ਰੇਨ' ਦੇ ਨਾਮ ਨਾਲ ਜਾਣਦੇ ਹਨ, ਅਤੇ ਇਹ ਕੋਈ ਕਹਾਣੀ ਨਹੀਂ ਸਗੋਂ ਉਨ੍ਹਾਂ ਦੀ ਸੱਚਾਈ ਹੈ।
ਪਾਣੀ ਦਾ ਪੱਧਰ: ਵਿਸ਼ਵ ਦਾ ਸਭ ਤੋਂ ਤੇਜ਼ੀ ਨਾਲ ਘਟਦਾ ਖੇਤਰ
ਚੱਢਾ ਨੇ ਦੱਸਿਆ ਕਿ ਮੁੱਖ ਤੌਰ 'ਤੇ ਝੋਨੇ ਦੀ ਖੇਤੀ ਕਾਰਨ ਪੰਜਾਬ ਵਿੱਚ ਗਰਾਊਂਡ ਵਾਟਰ ਲਗਾਤਾਰ ਡਿੱਗ ਰਿਹਾ ਹੈ। ਇੱਕ ਕਿਲੋਗ੍ਰਾਮ ਚਾਵਲ ਪੈਦਾ ਕਰਨ ਲਈ 5000 ਲੀਟਰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਪੰਜਾਬ ਦੇ ਕੁੱਲ 138 ਬਲਾਕਾਂ ਵਿੱਚੋਂ 118 ਬਲਾਕ 'ਓਵਰ ਐਕਸਪਲੋਇਟਡ' ਮੰਨੇ ਗਏ ਹਨ। 1970 ਦੇ ਦਹਾਕੇ ਵਿੱਚ ਜਿੱਥੇ ਔਸਤ ਗਰਾਊਂਡ ਵਾਟਰ ਦੀ ਡੂੰਘਾਈ ਸਿਰਫ਼ 20 ਫੁੱਟ ਸੀ, ਉਹ ਅੱਜ ਵੱਧ ਕੇ 500 ਫੁੱਟ ਤੱਕ ਪਹੁੰਚ ਗਈ ਹੈ। ਉਨ੍ਹਾਂ ਨੇ ਨਾਸਾ ਦੇ ਗ੍ਰੇਸ ਸੈਟੇਲਾਈਟ ਦੇ ਹਵਾਲੇ ਨਾਲ ਦੱਸਿਆ ਕਿ ਪੰਜਾਬ, ਭਾਰਤ ਦਾ ਹੀ ਨਹੀਂ, ਸਗੋਂ ਪਾਣੀ ਦੇ ਮਾਮਲੇ ਵਿੱਚ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਘਟਦਾ ਖੇਤਰ ਹੈ।
5 ਪਾਣੀਆਂ ਦੀ ਧਰਤੀ ਨੂੰ ਸਤਾ ਰਿਹਾ ਆਪਣੀ ਹੌਂਦ ਦਾ ਡਰ
ਰਾਘਵ ਚੱਢਾ ਨੇ ਤੀਜੀ ਵੱਡੀ ਸਮੱਸਿਆ ਨਦੀਆਂ ਦੇ ਮਰਨ ਦੀ ਦੱਸੀ। ਪੰਜਾਬ ਦੀਆਂ ਪਵਿੱਤਰ ਨਦੀਆਂ ਜਿਵੇਂ ਕਿ ਸਤਲੁਜ, ਬਿਆਸ, ਅਤੇ ਘੱਗਰ, ਅੱਜ ਉਦਯੋਗਿਕ ਕੂੜੇ, ਕੈਮੀਕਲ ਡਿਸਚਾਰਜ, ਫਾਰਮਾਸਿਊਟੀਕਲ ਵੇਸਟ ਅਤੇ ਅਣ-ਸੋਧੇ ਸੀਵਰੇਜ ਕਾਰਨ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਈਆਂ ਹਨ। ਕੇਂਦਰ ਸਰਕਾਰ ਦੀ ਏਜੰਸੀ ਸੀਪੀਸੀਬੀ ਦਾ ਡਾਟਾ ਦੱਸਦਾ ਹੈ ਕਿ ਪੰਜਾਬ ਦੀਆਂ 76% ਨਦੀਆਂ ਦੇ ਖੇਤਰ ਦੇਸ਼ ਦੀਆਂ ਸਭ ਤੋਂ ਪ੍ਰਦੂਸ਼ਿਤ ਸ਼੍ਰੇਣੀਆਂ 'ਚ ਆਉਂਦੇ ਹਨ।
ਪੰਜਾਬ ਨੂੰ ਚੈਰਿਟੀ ਨਹੀਂ, ਨਿਆਂ ਚਾਹੀਦਾ
ਚੱਢਾ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਇਸ ਸਮੇਂ ਪਹਿਲਾਂ ਨਾਲੋਂ ਕਿਤੇ ਵੱਧ ਕੇਂਦਰ ਸਰਕਾਰ ਦੀ ਮਦਦ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚੈਰਿਟੀ ਨਹੀਂ, ਸਗੋਂ ਨਿਆਂ ਦੀ ਮੰਗ ਕਰ ਰਿਹਾ ਹੈ। ਜੇਕਰ ਪੰਜਾਬ 50 ਸਾਲਾਂ ਤੱਕ ਦੇਸ਼ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਬਣ ਸਕਦਾ ਹੈ, ਤਾਂ ਅੱਜ ਦੇਸ਼ ਨੂੰ ਪੰਜਾਬ ਦੇ ਨਾਲ ਖੜ੍ਹੇ ਹੋਣਾ ਚਾਹੀਦਾ ਹੈ।
ਰਾਘਵ ਚੱਢਾ ਨੇ ਪੇਸ਼ ਕੀਤੇ ਇਹ ਸੁਝਾਅ
- ਪੰਜਾਬ ਵਾਟਰ ਰੀਸਟੋਰੇਸ਼ਨ ਮਿਸ਼ਨ ਦੀ ਸ਼ੁਰੂਆਤ ਕੀਤੀ ਜਾਵੇ।
- ਉਦਯੋਗਿਕ ਡਿਸਚਾਰਜ ਦੀ 24/7 ਡਿਜੀਟਲ ਨਿਗਰਾਨੀ ਲਾਗੂ ਕੀਤੀ ਜਾਵੇ।
- ਨਦੀਆਂ ਨੂੰ ਮੁੜ ਸੁਰਜੀਤ ਕਰਨ ਲਈ ਆਧੁਨਿਕ ਵਾਤਾਵਰਣਕ ਇੰਜੀਨੀਅਰਿੰਗ ਲਾਗੂ ਕੀਤੀ ਜਾਵੇ।
- ਪੰਜਾਬ ਵਿੱਚ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਸਰਵ ਵਿਆਪਕ ਪਹੁੰਚ ਲਾਗੂ ਕੀਤੀ ਜਾਵੇ।
- ਇੱਕ ਆਜ਼ਾਦ ਵਿਦੇਸ਼ੀ ਆਡਿਟ ਕਰਵਾਇਆ ਜਾਵੇ।
ਭਾਰਤ ਆਉਂਦੇ ਜਹਾਜ਼ 'ਚ ਬੰਬ ! ਪੈ ਗਿਆ ਚੀਕ-ਚਿਹਾੜਾ
NEXT STORY