ਜੈਪੁਰ : ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀ ਤਰਜ਼ 'ਤੇ 10ਵੀਂ ਦੀ ਬੋਰਡ ਪ੍ਰੀਖਿਆ ਸਾਲ ਵਿੱਚ ਦੋ ਵਾਰ ਕਰਵਾਉਣ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤੇ ਹਨ। ਬੋਰਡ ਦੇ ਸਕੱਤਰ ਦੁਆਰਾ ਜਾਰੀ ਇਨ੍ਹਾਂ ਹੁਕਮਾਂ ਦਾ ਮੁੱਖ ਮਕਸਦ ਵਿਦਿਆਰਥੀਆਂ 'ਚੋਂ ਪ੍ਰੀਖਿਆ ਦਾ ਤਣਾਅ ਘਟਾਉਣਾ ਹੈ। ਇਹ ਨਵੀਂ ਵਿਵਸਥਾ ਅਕਾਦਮਿਕ ਸੈਸ਼ਨ 2026-27 ਤੋਂ ਲਾਗੂ ਕੀਤੀ ਜਾਵੇਗੀ, ਜਿਸ ਦੇ ਤਹਿਤ 'ਬੈਸਟ ਆਫ਼ 2' ਦਾ ਨਿਯਮ ਲਾਗੂ ਹੋਵੇਗਾ।
ਨਵੇਂ ਨਿਯਮਾਂ ਅਨੁਸਾਰ 10ਵੀਂ ਦੀ ਪਹਿਲੀ ਪ੍ਰੀਖਿਆ ਫਰਵਰੀ-ਮਾਰਚ ਮਹੀਨੇ ਵਿੱਚ ਹੋਵੇਗੀ, ਜੋ 10ਵੀਂ 'ਚ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਸਾਰੇ ਵਿਦਿਆਰਥੀਆਂ ਲਈ ਲਾਜ਼ਮੀ ਹੋਵੇਗੀ। ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ਨਹੀਂ ਦਿੰਦਾ, ਤਾਂ ਉਹ ਦੂਜੀ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋ ਸਕੇਗਾ।
ਦੂਜੀ ਪ੍ਰੀਖਿਆ ਹਰ ਸਾਲ ਮਈ-ਜੂਨ ਮਹੀਨੇ ਵਿੱਚ ਆਯੋਜਿਤ ਕੀਤੀ ਜਾਵੇਗੀ। ਇਹ ਪ੍ਰੀਖਿਆ ਉਨ੍ਹਾਂ ਵਿਦਿਆਰਥੀਆਂ ਲਈ ਹੋਵੇਗੀ ਜੋ ਪਹਿਲੀ ਪ੍ਰੀਖਿਆ ਦੇ ਨਤੀਜੇ ਤੋਂ ਸੰਤੁਸ਼ਟ ਨਹੀਂ ਹਨ ਜਾਂ ਫੇਲ੍ਹ ਹੋ ਗਏ ਹਨ। ਹਾਲਾਂਕਿ, ਦੂਜੀ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਸਿਰਫ਼ 3 ਵਿਸ਼ਿਆਂ ਦੀ ਪ੍ਰੀਖਿਆ ਦੇਣ ਦੀ ਸੁਵਿਧਾ ਹੀ ਮਿਲੇਗੀ। ਜੇਕਰ ਕੋਈ ਵਿਦਿਆਰਥੀ ਪਹਿਲੀ ਪ੍ਰੀਖਿਆ ਵਿੱਚ ਤਿੰਨ ਤੋਂ ਵੱਧ ਵਿਸ਼ਿਆਂ ਵਿੱਚ ਫੇਲ੍ਹ ਹੁੰਦਾ ਹੈ, ਤਾਂ ਉਸ ਨੂੰ ਫੇਲ੍ਹ ਹੀ ਮੰਨਿਆ ਜਾਵੇਗਾ ਅਤੇ ਉਸ ਨੂੰ ਅਗਲੇ ਸਾਲ ਮੁੱਖ ਪ੍ਰੀਖਿਆ ਵਿੱਚ ਬੈਠਣਾ ਪਵੇਗਾ। ਇਸ ਨਵੀਂ ਵਿਵਸਥਾ ਦੇ ਲਾਗੂ ਹੋਣ ਨਾਲ ਰਾਜਸਥਾਨ ਬੋਰਡ ਹੁਣ 10ਵੀਂ ਜਮਾਤ ਲਈ ਕੋਈ ਅੱਡਰੀ ਸਪਲੀਮੈਂਟਰੀ ਪ੍ਰੀਖਿਆ ਆਯੋਜਿਤ ਨਹੀਂ ਕਰੇਗਾ।
ਬੋਰਡ ਅਨੁਸਾਰ 10ਵੀਂ ਬੋਰਡ ਦਾ ਨਤੀਜਾ 'ਬੈਸਟ ਆਫ਼ 2' ਨਿਯਮ ਦੇ ਆਧਾਰ 'ਤੇ ਤਿਆਰ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਵਿਦਿਆਰਥੀ ਅੰਕ ਸੁਧਾਰ ਲਈ ਦੂਜੀ ਪ੍ਰੀਖਿਆ ਦਿੰਦਾ ਹੈ, ਤਾਂ ਦੋਵਾਂ ਪ੍ਰੀਖਿਆਵਾਂ ਵਿੱਚੋਂ ਜਿਸ ਪ੍ਰੀਖਿਆ ਵਿੱਚੋਂ ਕਿਸੇ ਵਿਸ਼ੇ ਦੇ ਵੱਧ ਅੰਕ ਹੋਣਗੇ, ਉਹ ਅੰਕ ਹੀ ਅੰਤਿਮ ਨਤੀਜੇ ਵਿੱਚ ਜੋੜੇ ਜਾਣਗੇ।
ਹੈਦਰਾਬਾਦ ’ਚ ਗਹਿਣਿਆਂ ਦੇ ਸ਼ੋਅਰੂਮ ਤੋਂ 1.4 ਕਿਲੋ ਸੋਨੇ ਦੇ ਗਹਿਣੇ ਚੋਰੀ
NEXT STORY