ਨਵੀਂ ਦਿੱਲੀ (ਭਾਸ਼ਾ)— ਲੱਦਾਖ ਸਰਹੱਦ 'ਤੇ ਚੀਨ ਨਾਲ ਗਤੀਰੋਧ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਭਾਵ ਅੱਜ ਕਿਹਾ ਕਿ ਭਾਰਤ ਆਪਣੇ 'ਰਾਸ਼ਟਰੀ ਮਾਣ' ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ ਰਿਹਾ ਹੈ ਅਤੇ ਉਸ ਦੀ ਸੁਰੱਖਿਆ ਸਮਰੱਥਾ ਵੱਧ ਗਈ ਹੈ। ਜੰਮੂ-ਕਸ਼ਮੀਰ ਲਈ ਵਰਚੁਅਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਵੀ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸਰਹੱਦ 'ਤੇ ਕਿਸੇ ਵੀ ਘਟਨਾਕ੍ਰਮ ਬਾਰੇ ਸੰਸਦ ਜਾਂ ਕਿਸੇ ਨੂੰ ਵੀ ਹਨ੍ਹੇਰੇ ਵਿਚ ਨਹੀਂ ਰੱਖੇਗੀ ਅਤੇ ਸਹੀ ਸਮਾਂ ਆਉਣ 'ਤੇ ਜਾਣਕਾਰੀਆਂ ਸਾਂਝੀਆਂ ਕਰੇਗੀ। ਰਾਸ਼ਟਰੀ ਸੁਰੱਖਿਆ ਦੀ ਸਾਡੀ ਤਾਕਤ ਵਧੀ ਹੈ ਪਰ ਇਸ ਤਾਕਤ ਦਾ ਮਤਲਬ ਕਿਸੇ ਨੂੰ ਡਰਾਉਣਾ ਨਹੀਂ ਹੈ ਸਗੋਂ ਕਿ ਆਪਣੇ ਦੇਸ਼ ਦੀ ਸੁਰੱਖਿਆ ਕਰਨਾ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਗੱਲਬਾਤ ਜ਼ਰੀਏ ਭਾਰਤ ਨਾਲ ਵਿਵਾਦ ਨੂੰ ਹੱਲ ਕਰਨ ਦੀ ਇੱਛਾ ਜਤਾਈ ਹੈ ਅਤੇ ਭਾਰਤ ਸਰਕਾਰ ਦੀ ਵੀ ਅਜਿਹੀ ਹੀ ਰਾਇ ਹੈ।
ਆਪਣੇ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ ਰੱਦ ਕਰਨ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਚਾਰੋਂ ਪਾਸਿਓਂ ਵਿਕਾਸ ਹੋਇਆ ਹੈ। ਰਾਜਨਾਥ ਨੇ ਕਿਹਾ ਕਿ ਸਰਕਾਰ ਆਉਣ ਵਾਲੇ ਸਾਲਾਂ ਵਿਚ ਇਸ ਖੇਤਰ 'ਚ ਇੰਨਾ ਵਿਕਾਸ ਕਰੇਗੀ ਕਿ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਲੋਕ ਵੀ ਭਾਰਤ ਦਾ ਹਿੱਸਾ ਬਣਨ ਦੀ ਮੰਗ ਕਰਨਗੇ। ਵੀਡੀਓ ਕਾਨਫਰੰਸਿੰਗ ਜ਼ਰੀਏ ਜੰਮੂ ਜਨ ਸੰਵਾਦ ਰੈਲੀ ਨੂੰ ਸੰਬੋਧਿਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਅਗਲੇ ਆ ਸਾਲਾਂ ਵਿਚ ਜੰਮੂ-ਕਸ਼ਮੀਰ ਦੀ ਤਸਵੀਰ ਇੰਨੀ ਬਦਲ ਦੇਵਾਂਗੇ ਕਿ ਪੀ. ਓ. ਕੇ. ਤੋਂ ਹੀ ਮੰਗ ਹੋਵੇਗੀ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ, ਪਾਕਿਸਤਾਨ ਦੇ ਨਾਲ ਨਹੀਂ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਜਿਸ ਦਿਨ ਅਜਿਹਾ ਹੋਵੇਗਾ, ਉਸ ਦਿਨ ਪੀ. ਓ. ਕੇ. ਨੂੰ ਭਾਰਤ ਦਾ ਅਨਿਖੜਵਾਂ ਹਿੱਸਾ ਦੱਸਣ ਵਾਲਾ ਸਾਡਾ ਸੰਸਦੀ ਸੰਕਲਪ ਵੀ ਪੂਰਾ ਹੋ ਜਾਵੇਗਾ।
ਕੋਰੋਨਾ ਦਾ ਕਹਿਰ, BSF ਦੇ 6 ਹੋਰ ਜਵਾਨ ਨਿਕਲੇ ਕੋਰੋਨਾ ਪਾਜ਼ੇਟਿਵ
NEXT STORY