ਨਵੀਂ ਦਿੱਲੀ— ਰਾਜ ਸਭਾ 'ਚ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੇ ਮੁੱਦੇ 'ਤੇ ਚਰਚਾ ਕਰਵਾਉਣ ਅਤੇ ਉਸ 'ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਜਵਾਬ ਦੀ ਮੰਗ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਵੀਰਵਾਰ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਚੇਅਰਮੈਨ ਨੇ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।
ਹੰਗਾਮੇ ਦੌਰਾਨ ਚੇਅਰਮੈਨ ਨੇ ਕਿਹਾ ਕਿ ਇਸ ਮੁੱਦੇ 'ਤੇ ਬੀਤੇ ਦੋ ਦਿਨ ਤੋਂ ਗ੍ਰਹਿ ਮੰਤਰੀ ਨੂੰ ਬੋਲਣ ਦਾ ਮੌਕਾ ਨਾ ਦੇ ਕੇ ਉਨ੍ਹਾਂ ਨਾਲ ਬੇਇਨਸਾਫੀ ਕੀਤੀ ਗਈ ਹੈ। ਭੋਜਨਕਾਲ ਤੋਂ ਪਹਿਲਾਂ ਦੀ ਕਾਰਵਾਈ ਆਮ ਵਾਂਗ ਚੱਲਣ ਪਿੱਛੋਂ ਬਾਅਦ ਦੁਪਹਿਰ 2 ਵਜੇ ਜਦੋਂ ਹਾਊਸ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਕਾਰਜ ਸੂਚੀ ਮੁਤਾਬਕ ਖੇਤੀਬਾੜੀ ਖੇਤਰ ਨਾਲ ਜੁੜੇ ਮੁੱਦਿਆਂ 'ਤੇ ਥੋੜ੍ਹੇ ਸਮੇਂ ਦੀ ਚਰਚਾ ਹੋਣੀ ਸੀ ਪਰ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਡੇਰੇਕ ਓ ਬ੍ਰਾਇਨ ਨੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੇ ਮੁੱਦੇ 'ਤੇ ਮੰਗਲਵਾਰ ਸ਼ੁਰੂ ਹੋਈ ਚਰਚਾ ਨੂੰ ਮੁਕੰਮਲ ਕੀਤੇ ਜਾਣ ਅਤੇ ਗ੍ਰਹਿ ਮੰਤਰੀ ਦੇ ਜਵਾਬ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਨਿਯਮ 267 ਅਧੀਨ ਚਰਚਾ ਕਰਵਾਉਣ ਦਾ ਨੋਟਿਸ ਵੀ ਉਨ੍ਹਾਂ ਦਿੱਤਾ ਹੈ। ਨਾਇਡੂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਹੈ। ਵੀਰਵਾਰ ਸਵੇਰੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਉਨ੍ਹਾਂ ਦੀ ਗੱਲਬਾਤ ਹੋਈ ਸੀ। ਉਸ 'ਚ ਕਾਂਗਰਸ ਦੇ ਉਪ ਨੇਤਾ ਆਨੰਦ ਸ਼ਰਮਾ ਨੇ ਕਿਹਾ ਸੀ ਕਿ ਗ੍ਰਹਿ ਮੰਤਰੀ ਨੂੰ ਹਾਊਸ 'ਚ ਆਪਣਾ ਬਿਆਨ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰੀ ਮੰਗਲਵਾਰ ਅਤੇ ਬੁੱਧਵਾਰ ਦੋਵੇਂ ਦਿਨ ਬਿਆਨ ਦੇਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ।
ਚੇਅਰਮੈਨ ਨੇ ਕਿਹਾ ਕਿ ਸਾਰੇ ਦੇਸ਼ 'ਚ ਇਹ ਗਲਤ ਸੰਦੇਸ਼ ਗਿਆ ਹੈ ਕਿ ਗ੍ਰਹਿ ਮੰਤਰੀ ਨਾਲ ਬੇਇਨਸਾਫੀ ਹੋਈ ਹੈ। ਮੈਂ ਵੀ ਇਹ ਸਮਝਦਾ ਹਾਂ ਕਿ ਗ੍ਰਹਿ ਮੰਤਰੀ ਨਾਲ ਚੰਗਾ ਵਤੀਰਾ ਨਹੀਂ ਅਪਣਾਇਆ ਗਿਆ।
ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਕਿ ਗ੍ਰਹਿ ਮੰਤਰੀ ਦੋ ਦਿਨ ਹਾਊਸ 'ਚ ਆਏ ਪਰ ਜਵਾਬ ਨਹੀਂ ਦੇ ਸਕੇ। ਇਸ ਮੌਕੇ ਪਿਊਸ਼ ਗੋਇਲ ਨੇ ਕਿਹਾ ਕਿ ਹੋਰਨਾਂ ਮੈਂਬਰਾਂ ਨੂੰ ਉਨ੍ਹਾਂ ਦੀ ਗੱਲ ਕਹਿਣ ਦਾ ਮੌਕਾ ਦਿੱਤੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਸੱਤਾਧਿਰ ਦੇ ਇਕ ਮੈਂਬਰ ਨੂੰ ਵੀ ਆਪਣੀ ਗੱਲ ਕਹਿਣ ਦਾ ਮੌਕਾ ਨਹੀਂ ਦਿੱਤਾ ਗਿਆ।
ਉਨ੍ਹਾਂ ਦਾ ਇਸ਼ਾਰਾ ਅਮਿਤ ਸ਼ਾਹ ਵਲ ਸੀ। ਇਸ 'ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਨਾਇਡੂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਨਾਲ ਗੱਲ ਕਰਨਗੇ ਅਤੇ ਸ਼ੁੱਕਰਵਾਰ ਇਸ ਸੰਬੰਧੀ ਦੱਸਣਗੇ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਬਹਿਸ ਕਰਵਾਏ ਜਾਣ ਦੀ ਮੰਗ 'ਤੇ ਅੜੇ ਰਹੇ। ਉਹ ਚੇਅਰਮੈਨ ਦੇ ਆਸਨ ਨੇੜੇ ਵੀ ਆ ਗਏ। ਜਦੋਂ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਰੌਲਾ-ਰੱਪਾ ਪਾਉਣ ਤੋਂ ਨਾ ਹਟੇ ਤਾਂ ਚੇਅਰਮੈਨ ਨੇ ਹਾਊਸ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ।
ਡੇਰਾ ਸੱਚਾ ਸੌਦਾ 'ਚ ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ 'ਚ ਰਾਮ ਰਹੀਮ 'ਤੇ ਦੋਸ਼ ਤੈਅ
NEXT STORY