ਜੇਕਰ ਕਿਸਾਨ ਕੇਂਦਰ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਤਾਂ ਸਰਕਾਰ ਗੱਲਬਾਤ ਲਈ ਤਿਆਰ: ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੁੱਧਵਾਰ ਨੂੰ ਕਿਸਾਨੀ ਮੁੱਦੇ ਨੂੰ ਲੈ ਕੇ ਬਿਆਨ ਦਿੱਤਾ ਹੈ। ਤੋਮਰ ਨੇ ਕਿਹਾ ਕਿ ਜੇਕਰ ਕਿਸਾਨ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਤੱਕ ਮੁਲਤਵੀ ਰੱਖਣ ਅਤੇ ਸੰਯੁਕਤ ਕਮੇਟੀ ਜ਼ਰੀਏ ਮਤਭੇਦ ਸੁਲਝਾਉਣ ਦੀ ਪੇਸ਼ਕਸ਼ ’ਤੇ ਵਿਚਾਰ ਕਰਨ ਨੂੰ ਤਿਆਰ ਹਨ ਤਾਂ ਸਰਕਾਰ ਗੱਲਬਾਤ ਲਈ ਤਿਆਰ ਹੈ। ਤੋਮਰ ਨੇ ਕਿਹਾ ਕਿ ਸਰਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਭਾਰਤੀ ਖੇਤੀ ਖੇਤਰ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਦਿੱਲੀ ਪੁਲਸ ਨੇ ਦੱਸਿਆ ਗਾਜ਼ੀਪੁਰ 'ਤੇ ਧਰਨਾ ਸਥਾਨ ਖ਼ਾਲੀ ਕਰਨ ਲਈ ਲੱਗੇ ਪੋਸਟਰਾਂ ਦਾ ਸੱਚ
ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਇਸ ਵਿਚ ਗਾਜ਼ੀਪੁਰ 'ਚ ਧਰਨੇ ਵਾਲੀ ਜਗ੍ਹਾ ਖ਼ਾਲੀ ਕਰਨ ਲਈ ਲੱਗੇ ਪੁਲਸ ਦੇ ਪੋਸਟਰਾਂ ਨਾਲ ਕਿਸਾਨਾਂ 'ਚ ਰੋਸ ਦੇਖਿਆ ਗਿਆ। ਇਸ ਮਾਮਲੇ 'ਚ ਹੁਣ ਪੁਲਸ ਨੇ ਸਫ਼ਾਈ ਦਿੱਤੀ ਹੈ। ਪੁਲਸ ਨੇ ਕਿਹਾ ਹੈ ਕਿ 26 ਜਨਵਰੀ ਨੂੰ ਦਿੱਲੀ ਦੀ ਸਰਹੱਦ 'ਤੇ ਇਕ ਚਿਤਾਵਨੀ ਪੋਸਟਰ ਲਗਾਇਆ ਗਿਆ। ਇਸ ਤਰ੍ਹਾਂ ਦੇ ਪੋਸਟਰ ਬੀਤੇ 8-10 ਦਿਨ ਪਹਿਲਾਂ ਲਗਾਏ ਗਏ ਸਨ। ਕਿਸਾਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।
ਟੂਲਕਿੱਟ ਮਾਮਲਾ : ਸ਼ਾਂਤਨੂੰ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਕੋਰਟ ਨੇ ਦਿੱਲੀ ਪੁਲਸ ਤੋਂ ਮੰਗਿਆ ਜਵਾਬ
ਕਿਸਾਨ ਅੰਦੋਲਨ ਨਾਲ ਸੰਬੰਧਤ 'ਟੂਲਕਿੱਟ' ਸੋਸ਼ਲ ਮੀਡੀਆ 'ਤੇ ਸਾਂਝੀ ਕਰਨ ਦੇ ਦੋਸ਼ੀ ਸ਼ਾਂਤਨੂੰ ਮੁਲੁਕ ਦੀ ਪੇਸ਼ਗੀ ਜ਼ਮਾਨਤ ਪਟੀਸ਼ਨ 'ਤੇ ਇੱਥੋਂ ਦੀ ਇਕ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਪੁਲਸ ਤੋਂ ਜਵਾਬ ਮੰਗਿਆ ਹੈ। ਸ਼ਾਂਤਨੂੰ ਨਾਲ ਦਿਸ਼ਾ ਰਵੀ ਵੀ ਮਾਮਲੇ 'ਚ ਦੋਸ਼ੀ ਹੈ। ਐਡੀਸ਼ਨਲ ਸੈਸ਼ਨ ਜੱਜ ਧਰਮੇਂਦਰ ਰਾਣਾ ਨੇ ਮੰਗਲਵਾਰ ਨੂੰ ਰਵੀ ਨੂੰ ਜ਼ਮਾਨਤ ਦੇ ਦਿੱਤੀ ਸੀ। ਜੱਜ ਨੇ ਮੁਲੁਕ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸ਼ੁੱਕਰਵਾਰ ਦਾ ਦਿਨ ਤੈਅ ਕੀਤਾ।
ਟਿਕਰੀ ਬਾਰਡਰ ਖਾਲੀ ਕਰਨ ਦੇ ਦਿੱਲੀ ਪੁਲਸ ਦੇ ‘ਪੋਸਟਰਾਂ ਤੋਂ ਭੜਕੇ ਕਿਸਾਨ’
ਕਿਸਾਨ ਜਥੇਬੰਦੀਆਂ ਨੇ ਟਿਕਰੀ ਬਾਰਡਰ ’ਤੇ ਸਥਿਤ ਵਿਖਾਵੇ ਵਾਲੀ ਥਾਂ ’ਤੇ ਦਿੱਲੀ ਪੁਲਸ ਦੇ ਚਿਤਾਵਨੀ ਵਾਲੇ ਪੋਸਟਰਾਂ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਦਿੱਲੀ ਪੁਲਸ ਨੇ ਇੱਥੇ ਕੁਝ ਪੋਸਟਰ ਲਾਏ ਹਨ, ਜਿਨ੍ਹਾਂ ਵਿਚ ਕਿਸਾਨਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਇਹ ਇਲਾਕਾ ਖ਼ਾਲੀ ਕਰਨਾ ਪਵੇਗਾ। ਇਹ ਪੋਸਟਰ ਗੈਰ-ਜ਼ਰੂਰੀ ਹਨ, ਕਿਉਂਕਿ ਕਿਸਾਨ ਆਪਣੇ ਸੰਵਿਧਾਨਕ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਾਂਤੀ ਭਰਿਆ ਵਿਖਾਵਾ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਧਮਕੀਆਂ ਤੇ ਚਿਤਾਵਨੀਆਂ ਰਾਹੀਂ ਵਿਖਾਵੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਦਾ ਵਿਰੋਧ ਕੀਤਾ ਜਾਵੇਗਾ।
ਨੌਦੀਪ ਕੌਰ ਨੂੰ ਅਦਾਲਤ ਵਲੋਂ ਨਹੀਂ ਮਿਲੀ ਕੋਈ ਰਾਹਤ, 26 ਫਰਵਰੀ ਨੂੰ ਮੁੜ ਹੋਵੇਗੀ ਸੁਣਵਾਈ
ਮਜ਼ਦੂਰ ਅਧਿਕਾਰ ਵਰਕਰ ਨੌਦੀਪ ਕੌਰ ਨੂੰ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਤੁਰੰਤ ਕੋਈ ਰਾਹਤ ਨਹੀਂ ਮਿਲੀ ਹੈ। ਕੋਰਟ ਨੇ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 26 ਫਰਵਰੀ ਤੱਕ ਟਾਲ ਦਿੱਤੀ ਹੈ। ਜੱਜ ਅਵਨੀਸ਼ ਝਿੰਗਨ ਦੀ ਅਦਾਲਤ ਨੇ ਹਰਿਆਣਾ ਪੁਲਸ ਨੂੰ ਕੌਰ ਦੀ ਮੈਡੀਕਲ ਰਿਪੋਰਟ ਵੀ ਅਦਾਲਤ 'ਚ ਪੇਸ਼ ਕਰਨ ਲਈ ਕਿਹਾ ਹੈ। ਨੌਦੀਪ ਦੀ ਵਕੀਲ ਅਰਸ਼ਦੀਪ ਸਿੰਘ ਚੀਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਅਦਾਲਤ ਨੇ ਮਾਮਲੇ ਦੀ ਸੁਣਵਾਈ 26 ਫਰਵਰੀ ਨੂੰ ਤੈਅ ਕੀਤੀ ਹੈ। ਫਿਲਹਾਲ ਹਰਿਆਣਾ ਸਰਕਾਰ ਨੇ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਕੌਰ ਨੂੰ ਰੋਕ ਕੇ ਰੱਖਣ ਨਾਲ ਸੰਬੰਧਤ ਮਾਮਲੇ 'ਚ ਆਪਣਾ ਜਵਾਬ ਦਾਖ਼ਲ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
‘ਅਨੰਤਨਾਗ ’ਚ ਮੁਕਾਬਲੇ ’ਚ 2 ਅੱਤਵਾਦੀ ਢੇਰ’
NEXT STORY