ਨਵੀਂ ਦਿੱਲੀ– ਕੋਰੋਨਾ ਮਹਾਮਾਰੀ ਤੋਂ ਪੀੜਤ ਲੋਕ ਖੁੱਲ੍ਹੇ ਬਾਜ਼ਾਰ ਵਿਚ ਰੇਮਡੇਸਿਵਰ ਟੀਕਾ ਬਲੈਕ ਵਿਚ ਖਰੀਦ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਰੇਮਡੇਸਿਵਰ ਟੀਕਾ ਹਸਪਤਾਲ ਦੀ ਪਰਚੀ ’ਤੇ ਹੀ ਕੈਮਿਸਟ ਵੱਲੋਂ ਦਿੱਤਾ ਜਾਂਦਾ ਹੈ ਪਰ ਵੱਖ-ਵੱਖ ਮੈਡੀਕਲ ਸਟੋਰਾਂ ਵਿਚ ਇਹ ਟੀਕਾ ਗਾਇਬ ਹੈ। ਅਜਿਹੀ ਹਾਲਤ ਵਿਚ ਇਹ ਕਿਵੇਂ ਮਿਲੇਗਾ?
ਨੀਤੀ ਆਯੋਗ ਦੇ ਮੈਂਬਰ ਅਤੇ ਕੋਰੋਨਾ ਟਾਸਕ ਫੋਰਸ ਦੇ ਚੇਅਰਮੈਨ ਡਾ. ਵੀ. ਕੇ. ਪਾਲ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੀਕਾ ਹਸਪਤਾਲਾਂ ਵਿਚ ਹੀ ਮਿਲੇ ਅਤੇ ਕੈਮਿਸਟਾਂ ਤੱਕ ਲੋਕਾਂ ਨੂੰ ਨਾ ਜਾਣਾ ਪਵੇ, ਇਸ ਨੀਤੀ ’ਤੇ ਕੰਮ ਚੱਲ ਰਿਹਾ ਹੈ। ਸਰਕਾਰ ਨੇ ਰੇਮਡੇਸਿਵਰ ਟੀਕੇ ਦਾ ਉਤਪਾਦਨ ਵਧਾਉਣ ਲਈ ਉਨ੍ਹਾਂ ਨਾਲ 3 ਦਿਨ ਪਹਿਲਾਂ ਬੈਠਕ ਕੀਤੀ ਸੀ। ਇਸ ਵਿਚ ਉਤਪਾਦਨ ਡੇਢ ਲੱਖ ਸ਼ੀਸ਼ੀ ਰੋਜ਼ਾਨਾ ਤੋਂ ਵਧਾ ਕੇ 3 ਲੱਖ ਸ਼ੀਸ਼ੀ ਕਰਨ ਦਾ ਨਿਸ਼ਾਨਾ ਅਗਲੇ 15 ਦਿਨਾਂ ਲਈ ਦਿੱਤਾ ਿਗਆ ਹੈ।
ਸਿਹਤ ਮੰਤਰਾਲਾ ਕੋਲੋਂ ਜਦੋਂ ਇਹ ਜਾਣਕਾਰੀ ਮੰਗੀ ਗਈ ਕਿ ਕੀ ਸਰਕਾਰ ਵੱਲੋਂ ਕੋਈ ਨਿਰਦੇਸ਼ ਹੈ ਕਿ ਜ਼ਿਲਾ ਮੈਜਿਸਟਰੇਟ ਹਸਪਤਾਲਾਂ ਦੀ ਬੇਨਤੀ ’ਤੇ ਰੇਮਡੇਸਿਵਰ ਟੀਕੇ ਦੀ ਸਪਲਾਈ ਕਰਨਗੇ ਤਾਂ ਕੇਂਦਰ ਸਰਕਾਰ ਵੱਲੋਂ ਜਵਾਬ ਵਿਚ ਕਿਹਾ ਗਿਆ ਕਿ ਕੁਝ ਸੂਬਿਆਂ ਨੇ ਜ਼ੁਬਾਨੀ ਤੌਰ ’ਤੇ ਅਜਿਹੀ ਵਿਵਸਥਾ ਬਣਾਈ ਹੈ ਪਰ ਕੇਂਦਰ ਵੱਲੋਂ ਅਜਿਹਾ ਕੋਈ ਹੁਕਮ ਨਹੀਂ।
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ਕਿਹਾ ਕਿ ਰੇਮਡੇਸਿਵਰ ਟੀਕਾ ਘਰੇਲੂ ਵਰਤੋਂ ਲਈ ਿਬਲਕੁਲ ਨਹੀਂ ਹੈ। ਇਹ ਟੀਕਾ ਅਜੇ ਤੱਕ ਕੈਮਿਸਟਾਂ ਕੋਲੋਂ ਮਿਲ ਰਿਹਾ ਹੈ। ਕਾਲਾਬਾਜ਼ਾਰੀ ਕਰਨ ਵਾਲਿਆਂ ਵਿਰੁੱਧ ਵੱਖ-ਵੱਖ ਜ਼ਿਲਿਆਂ ਦੇ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਛਾਪੇ ਮਾਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਭਵਿੱਖ ਵਿਚ ਵੀ ਅਜਿਹੀ ਕਾਰਵਾਈ ਜਾਰੀ ਰਹੇਗੀ।
ਡਾ. ਪਾਲ ਨੇ ਕਿਹਾ ਕਿ ਡਾਕਟਰਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ 8 ਤੋਂ 10 ਫੀਸਦੀ ਮਾਮਲਿਆਂ ਵਿਚ ਹੀ ਰੇਮਡੇਸਿਵਰ ਦਾ ਟੀਕਾ ਲਾਉਣ ਦੀ ਸਲਾਹ ਰੋਗੀ ਨੂੰ ਦੇਣ ਕਿਉਂਕਿ ਇਹ ਟੀਕਾ ਜੀਵਨ ਰੱਖਿਅਕ ਨਹੀਂ ਹੈ। ਇਸ ਦੀ ਪੁਸ਼ਟੀ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਇਕ ਸਟੱਡੀ ਵਿਚ ਵੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ 100 ਦੇਸ਼ਾਂ ਨੂੰ ਇਹ ਟੀਕਾ ਭੇਜਿਆ ਜਾ ਰਿਹਾ ਸੀ। ਦੇਸ਼ ਦੀਆਂ 7 ਫਾਰਮਾ ਕੰਪਨੀਆਂ ਇਸ ਦਾ ਉਤਪਾਦਨ ਕਰ ਰਹੀਆਂ ਹਨ। ਇਸ ਲਈ ਨਵੇਂ ਪਲਾਂਟ ਸ਼ੁਰੂ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਸਟੱਡੀ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਰੇਮਡੇਸਿਵਰ ਟੀਕਾ ਲੈਣ ਨਾਲ ਹਸਪਤਾਲ ਵਿਚ ਭਰਤੀ ਹੋਣ ਦੀ ਮਿਆਦ 4 ਦਿਨ ਘੱਟ ਹੋ ਜਾਂਦੀ ਹੈ। ਰੋਗੀ ਦੀ ਰਿਕਵਰੀ ਕੁਝ ਜਲਦੀ ਹੁੰਦੀ ਹੈ। ਇਹ ਕੋਈ ਮੈਜਿਕ ਬੁਲੇਟ ਨਹੀਂ ਹੈ, ਜਿਸ ਨਾਲ ਕਿਸੇ ਦੀ ਉਮਰ ਵਧ ਜਾਏਗੀ।
ਕੋਰੋਨਾ ਆਫ਼ਤ: ਏਮਜ਼ ਦੀ INI-CET PG 2021 ਪ੍ਰਵੇਸ਼ ਪ੍ਰੀਖਿਆ ਮੁਲਤਵੀ
NEXT STORY