ਭਰਤਪੁਰ/ਜੈਪੁਰ, (ਮਨੋਜ ਸ਼ਰਮਾ/ਬਿਊਰੋ)- ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਨੂੰ ਲੈ ਕੇ ਰਾਜਸਥਾਨ ’ਚ ਇਕ ਵਾਰ ਫਿਰ ਅੰਦੋਲਨ ਸ਼ੁਰੂ ਹੋ ਗਿਆ ਹੈ। ਭਰਤਪੁਰ ਅਤੇ ਧੌਲਪੁਰ ਜ਼ਿਲਿਆਂ ਦੇ ਮੂਲ ਨਿਵਾਸੀ ਜਾਟਾਂ ਨੂੰ ਕੇਂਦਰ ਸਰਕਾਰ ਦੀਆਂ ਭਰਤੀਆਂ ’ਚ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਜਾਟ ਭਾਈਚਾਰੇ ਨੇ ਬੁੱਧਵਾਰ ਤੋਂ ਦਿੱਲੀ-ਮੁੰਬਈ ਟ੍ਰੈਕ ’ਤੇ ਸਥਿਤ ਭਰਤਪੁਰ ਦੇ ਜੈਚੋਲੀ ਰੇਲਵੇ ਸਟੇਸ਼ਨ ਦੇ ਕੋਲ ਪੱਕਾ ਧਰਨਾ ਲਾ ਦਿੱਤਾ। ਸਰਕਾਰ ਨੂੰ 22 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਚੇਤਾਵਨੀ ਦਿੱਤੀ ਗਈ ਹੈ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਰੇਲ ਪਟੜੀਆਂ ਉਖਾੜ ਦਿੱਤੀਆਂ ਜਾਣਗੀਆਂ ਅਤੇ ਰੇਲਵੇ ਟ੍ਰੈਕ ਤੇ ਹਾਈਵੇਅ ਜਾਮ ਕੀਤੇ ਜਾਣਗੇ।
ਭਰਤਪੁਰ-ਧੌਲਪੁਰ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਦੇ ਕਨਵੀਨਰ ਨੇਮ ਸਿੰਘ ਫੌਜਦਾਰ ਨੇ ਦੱਸਿਆ ਕਿ 7 ਜਨਵਰੀ ਨੂੰ ਡੀਗ ਦੇ ਜਨੁਥਰ ’ਚ ਹੁੰਕਾਰ ਸਭਾ ’ਚ ਕੇਂਦਰ ਸਰਕਾਰ ਨੂੰ 10 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ। ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ। ਬੁੱਧਵਾਰ ਤੋਂ ਦਿੱਲੀ-ਮੁੰਬਈ ਰੇਲਵੇ ਟ੍ਰੈਕ ਦੇ ਨੇੜੇ ਜੈਚੋਲੀ ਵਿਖੇ ਵਿਸ਼ਾਲ ਪੱਕਾ ਧਰਨਾ ਲਾਇਆ ਗਿਆ ਹੈ। ਦੂਜਾ ਪੱਕਾ ਧਰਨਾ ਬੇਢਮ ਪਿੰਡ (ਭਰਤਪੁਰ) ਅਤੇ ਤੀਜਾ ਰਾੜ (ਭਰਤਪੁਰ) ’ਚ ਲਾਇਆ ਗਿਆ ਹੈ। ਫੌਜਦਾਰ ਨੇ ਕਿਹਾ ਕਿ 22 ਜਨਵਰੀ ਤੱਕ ਸ਼ਾਂਤਮਈ ਅੰਦੋਲਨ ਕੀਤਾ ਜਾਵੇਗਾ। ਜੇ ਮੰਗ ਪੂਰੀ ਨਾ ਹੋਈ ਤਾਂ ਤਿੱਖਾ ਅੰਦੋਲਨ ਕੀਤਾ ਜਾਵੇਗਾ।
ਪੱਕੇ ਧਰਨੇ ਦੇ ਮੱਦੇਨਜ਼ਰ ਸਖਤ ਕੀਤੀ ਸੁਰੱਖਿਆ : ਪੱਕੇ ਧਰਨੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਸੁਰੱਖਿਆ ਤਹਿਤ ਆਰ. ਏ. ਸੀ. ਦੀਆਂ 7 ਕੰਪਨੀਆਂ, ਸਬੰਧਤ ਥਾਣੇ ਦੇ ਸਟਾਫ਼ ਸਮੇਤ 220 ਪੁਲਸ ਮੁਲਾਜ਼ਮ ਅਤੇ 100 ਹੋਰ ਜਵਾਨ ਤਾਇਨਾਤ ਕੀਤੇ ਗਏ ਹਨ। ਭਰਤਪੁਰ ਅਤੇ ਧੌਲਪੁਰ ਜ਼ਿਲਿਆਂ ਦੇ ਜਾਟਾਂ ਨੂੰ ਕੇਂਦਰ ’ਚ ਰਾਖਵਾਂਕਰਨ ਦਿੱਤੇ ਜਾਣ ਦੀ ਮੰਗ ਸਾਲ 1998 ਤੋਂ ਚੱਲ ਰਹੀ ਹੈ।
ਦਿੱਲੀ 'ਚ ਤਾਪਮਾਨ 6.6 ਡਿਗਰੀ ਸੈਲਸੀਅਸ, ਰੇਲ ਆਵਾਜਾਈ ਹੋਈ ਪ੍ਰਭਾਵਿਤ
NEXT STORY