ਲਖਨਊ : ਉੱਤਰ ਪ੍ਰਦੇਸ਼ 'ਚ ਸੜਕ ਹਾਦਸਿਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਟ੍ਰੈਫਿਕ ਵਿਭਾਗ ਨੇ ਦੋਪਹੀਆ ਵਾਹਨ ਚਾਲਕਾਂ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਸੂਬਾ ਸਰਕਾਰ ਅਨੁਸਾਰ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਕਾਰਨ ਹੈਲਮਟ ਨਾ ਪਾਉਣਾ ਹੈ, ਖਾਸ ਕਰ ਕੇ ਪਿੱਛੇ ਬੈਠਣ ਵਾਲੇ ਯਾਤਰੀਆਂ ਲਈ। ਇਸ ਨੂੰ ਰੋਕਣ ਲਈ ਹੁਣ 'ਇੱਕ ਬਾਈਕ, ਦੋ ਹੈਲਮਟ' ਦਾ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਗਿਆ ਹੈ।
ਨਵੀਂ ਗੱਡੀ ਖਰੀਦਣ ਸਮੇਂ ਦੋ ਹੈਲਮਟ ਲੈਣੇ ਹੋਣਗੇ ਲਾਜ਼ਮੀ
ਹੁਣ ਜੇਕਰ ਤੁਸੀਂ ਉੱਤਰ ਪ੍ਰਦੇਸ਼ 'ਚ ਨਵੀਂ ਬਾਈਕ ਜਾਂ ਸਕੂਟੀ ਖਰੀਦਦੇ ਹੋ ਤਾਂ ਸ਼ੋਰੂਮ ਤੋਂ ਗੱਡੀ ਉਦੋਂ ਹੀ ਮਿਲੇਗੀ ਜੇਕਰ ਗਾਹਕ ਦੋ ਆਈ.ਐੱਸ.ਆਈ. (ISI) ਪ੍ਰਮਾਣਿਤ ਹੈਲਮਟ ਖਰੀਦੇਗਾ। ਇਨ੍ਹਾਂ 'ਚੋਂ ਇੱਕ ਚਾਲਕ ਲਈ ਤੇ ਦੂਜਾ ਪਿੱਛੇ ਬੈਠਣ ਵਾਲੇ ਵਿਅਕਤੀ ਲਈ ਹੋਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਸਤੇ ਜਾਂ ਬਿਨਾਂ ਮਾਰਕਾ ਵਾਲੇ ਹੈਲਮਟ ਸਵੀਕਾਰ ਨਹੀਂ ਕੀਤੇ ਜਾਣਗੇ ਕਿਉਂਕਿ ਇਹ ਸੁਰੱਖਿਆ ਦੀ ਬਜਾਏ ਜੋਖਮ ਵਧਾਉਂਦੇ ਹਨ।
ਰਜਿਸਟ੍ਰੇਸ਼ਨ ਲਈ ਹੈਲਮਟ ਦਾ ਰਿਕਾਰਡ ਜ਼ਰੂਰੀ
ਨਵੇਂ ਨਿਯਮਾਂ ਮੁਤਾਬਕ ਵਾਹਨ ਖਰੀਦਣ ਵੇਲੇ ਦੋਵਾਂ ਹੈਲਮਟਾਂ ਦਾ ਮਾਡਲ ਅਤੇ ਆਈ.ਐੱਸ.ਆਈ. ਕੋਡ ਫਾਰਮ 'ਚ ਦਰਜ ਕਰਨਾ ਪਵੇਗਾ। ਇਹ ਜਾਣਕਾਰੀ ਬਿੱਲ ਉੱਤੇ ਵੀ ਹੋਣੀ ਚਾਹੀਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਾਹਨ ਦੀ ਰਜਿਸਟ੍ਰੇਸ਼ਨ ਉਦੋਂ ਹੀ ਹੋਵੇਗੀ ਜਦੋਂ ਹੈਲਮਟ ਦਾ ਡਾਟਾ 'ਵਾਹਨ ਪੋਰਟਲ' ਉੱਤੇ ਅਪਲੋਡ ਕੀਤਾ ਜਾਵੇਗਾ। ਜੇਕਰ ਕੋਈ ਡੀਲਰ ਬਿਨਾਂ ਹੈਲਮਟ ਦਿੱਤੇ ਗੱਡੀ ਵੇਚਦਾ ਫੜਿਆ ਗਿਆ ਤਾਂ ਉਸ ਦਾ ਟ੍ਰੇਡ ਸਰਟੀਫਿਕੇਟ ਰੱਦ ਕੀਤਾ ਜਾ ਸਕਦਾ ਹੈ।
ਹੋਵੇਗੀ ਸਖ਼ਤ ਕਾਰਵਾਈ ਤੇ ਭਾਰੀ ਜੁਰਮਾਨਾ
ਯੂਪੀ ਪੁਲਸ ਤੇ ਟ੍ਰੈਫਿਕ ਵਿਭਾਗ ਵੱਲੋਂ ਸੂਬੇ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੇਂਦਰੀ ਮੋਟਰ ਵਾਹਨ ਐਕਟ ਦੀਆਂ ਧਾਰਾਵਾਂ 129 ਤੇ 194D ਤਹਿਤ ਕਾਰਵਾਈ ਹੋਵੇਗੀ। ਬਿਨਾਂ ਹੈਲਮੇਟ ਗੱਡੀ ਚਲਾਉਣ ਜਾਂ ਪਿੱਛੇ ਬੈਠਣ ਵਾਲੇ ਨੂੰ ਹੈਲਮੇਟ ਨਾ ਪਹਿਨਾਉਣ 'ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ। ਇਸ ਦੇ ਨਾਲ ਹੀ ਡਰਾਈਵਿੰਗ ਲਾਇਸੈਂਸ 3 ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਜਾਵੇਗਾ। ਵਾਰ-ਵਾਰ ਨਿਯਮ ਤੋੜਨ 'ਤੇ ਲਾਇਸੈਂਸ ਪੱਕੇ ਤੌਰ 'ਤੇ ਰੱਦ ਵੀ ਕੀਤਾ ਜਾ ਸਕਦਾ ਹੈ। ਯੂਪੀ ਸਰਕਾਰ ਦਾ ਇਹ ਕਦਮ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਚੁੱਕਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਆਰਮੀ ਡੇਅ 'ਤੇ ਭਾਵੁਕ ਪਲ ! ਸ਼ਹੀਦ ਦੀ ਮਾਂ ਆਰਮੀ ਮੈਡਲ ਲੈਂਦੇ ਸਮੇਂ ਸਟੇਜ 'ਤੇ ਹੋਈ ਬੇਹੋਸ਼
NEXT STORY