ਕੇਰਲ– ਕੇਰਲ ਦੇ ਸਬਰੀਮਾਲਾ ਮੰਦਰ ’ਚ ਭਗਵਾਨ ਅਯੱਪਾ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਰਧਾਲੂਆਂ ਨੂੰ ਹੁਣ ਕੋਰੋਨਾ ਨੈਗੇਟਿਵ ਦੀ ਰਿਪੋਰਟ ਵਿਖਾਉਣੀ ਪਵੇਗੀ। ਇਹ ਰਿਪੋਰਟ ਆਰ.ਟੀ.ਪੀ.ਸੀ.ਆਰ. ਜਾਂਚ ਦੀ ਹੀ ਮੰਨੀ ਜਾਵੇਗੀ। ਦਰਅਸਲ, ਇਸ ਸੰਬੰਧ ’ਚ ਕੇਰਲ ਹਾਈ-ਕੋਰਟ ਅਤੇ ਰਾਜ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤਾ ਹੈ, ਜੋ ਅੱਜ (26 ਦਸੰਬਰ) ਤੋਂ ਲਾਗੂ ਕਰ ਦਿੱਤਾ ਗਿਆ ਹੈ। ਮੰਦਰ ਦੀ ਵਿਵਸਥਾ ਵੇਖਣ ਵਾਲੇ ਤ੍ਰਵਾਣਕੋਰ ਦੇਵਸਵੋਮ ਬੋਰਡ (ਟੀ.ਡੀ.ਬੀ.) ਨੇ ਦੱਸਿਆ ਕਿ ਸ਼ਰਧਾਲੂਆਂ ਨੂੰ ਮੰਦਰ ਆਉਣ ਤੋਂ 48 ਘੰਟੇ ਪਹਿਲਾਂ ਦੀ ਆਰ.ਟੀ.ਪੀ.ਸੀ.ਆਰ. ਰਿਪੋਰਟ ਵਿਖਾਉਣੀ ਹੋਵੇਗੀ। ਇਹ ਨਿਯਮ 26 ਦਸੰਬਰ ਤੋਂ ਅਗਲੇ ਆਦੇਸ਼ ਤਕ ਲਾਗੂ ਕਰ ਦਿੱਤਾ ਗਿਆ ਹੈ।
ਟੀ.ਡੀ.ਬੀ. ਦੇ ਪ੍ਰਧਾਨ ਐੱਨ. ਵਸੁ ਨੇ ਦਾਸਿਆ ਕਿ ਮੰਦਰ ਆਉਣ ਵਾਲੇ ਸ਼ਰਧਾਲੂਆਂ ਕੋਲ ਆਰ.ਟੀ.ਪੀ.ਸੀ.ਆਰ. ਟੈਸਟ ਦਾ ਕੋਵਿਡ ਨੈਗੇਟਿਵ ਪ੍ਰਮਾਣ-ਪੱਤਰ 48 ਘੰਟੇ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਦੱਸ ਦੇਈਏ ਕਿ ਕੇਰਲ ਹਾਈ-ਕੋਰਟ ਨੇ ਸਬਰੀਮਾਲਾ ਮੰਦਰ ’ਚ ਦਰਸ਼ਨ ਲਈ ਰੋਜ਼ਾਨਾ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ 5 ਹਜ਼ਾਰ ਕਰ ਦਿੱਤੀ ਸੀ। ਅਜਿਹੇ ’ਚ ਮੰਦਰ ਆਉਣ ਵਾਲੇ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਵੇਖਦੇ ਹੋਏ ਸਿਹਤ ਵਿਭਾਗ ਨੇ ਐਂਟੀਜਨ ਟੈਸਟ ਜ਼ਰੂਰੀ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਟੀ.ਡੀ.ਬੀ. ਨੇ ਮਕਰਵਿਲੱਕੂ ਸੰਮੇਲਨ ਦੌਰਾਨ ਭਗਵਾਨ ਅਯੱਪਾ ਦੀ ਮੂਰਤੀ ਥਿਰੁਵਭਰਣਮ ਲੈ ਕੇ ਜਾਣ ਵਾਲੀ ਤਿੰਨ ਦਿਨਾਂ ਯਾਤਰਾ ’ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ ਦੀ ਗਿਣਤੀ 100 ਤਕ ਸੀਮਿਤ ਕਰ ਦਿੱਤੀ ਹੈ। ਇਸ ਤੋਂ ਇਲਾਵਾ ਕੋਰੋਨਾ ਨੂੰ ਵੇਖਦੇ ਹੋਏ ਸਬਰੀਮਾਲਾ ਆਉਣ ਵਾਲੇ ਰਸਤੇ ’ਚ ਕਈ ਪੁਆਇੰਟਾਂ ’ਤੇ ਆਯੋਜਨ ਰੱਦ ਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਸਬਰੀਮਾਲਾ ਮੰਦਰ 26 ਦਸੰਬਰ ਨੂੰ ਮੰਡਲ ਪੂਜਾ ਤੋਂ ਬਾਅਦ ਬੰਦ ਕਰ ਦਿੱਤਾ ਜਾਵੇਗਾ ਅਤੇ 31 ਦਸੰਬਰ ਨੂੰ ਮਕਰਵਿਲੱਕੂ ਪੂਜਾ ਲਈ ਦੁਬਾਰਾ ਖੋਲ੍ਹਿਆ ਜਾਵੇਗਾ। ਅਹਿਮ ਗੱਲ ਇਹ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਇਹ ਸਬਰੀਮਾਲਾ ਮੰਦਰ ਦਾ ਪਹਿਲਾ ਸਾਲਾਨਾ ਸੰਮੇਲਨ ਹੈ।
ਸੰਯੁਕਤ ਕਿਸਾਨ ਮੋਰਚਾ ਦੀ ਵਿਚਾਰ-ਚਰਚਾ; ਲਏ ਗਏ ਇਹ ਅਹਿਮ ਫ਼ੈਸਲੇ
NEXT STORY