ਲਖਨਊ : ਤ੍ਰਿਣਮੂਲ ਕਾਂਗਰਸ (TMC) ਦੀ ਸਾਂਸਦ ਸਾਯੋਨੀ ਘੋਸ਼ ਨੂੰ ਦਿੱਤੀ ਗਈ ਇੱਕ ਵਿਵਾਦਿਤ ਧਮਕੀ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਹੰਗਾਮਾ ਮਚ ਗਿਆ ਹੈ। ਸਾਯੋਨੀ ਘੋਸ਼ ਨੇ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਦੇ ਸਿਕੰਦਰਾਬਾਦ ਤੋਂ ਭਾਜਪਾ ਨੇਤਾ ਅਤੇ ਨਗਰ ਪਾਲਿਕਾ ਦੇ ਚੇਅਰਮੈਨ ਡਾ. ਪ੍ਰਦੀਪ ਦੀਕਸ਼ਿਤ ਨੇ ਉਨ੍ਹਾਂ ਦਾ ਸਿਰ ਕੱਟਣ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ ਦੇਣ ਦਾ ਸਰੇਆਮ ਐਲਾਨ ਕੀਤਾ ਹੈ।
ਇਸ ਘਟਨਾ ਤੋਂ ਹੈਰਾਨ ਸਾਯੋਨੀ ਘੋਸ਼ ਨੇ ਸਿੱਧਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇੱਕ ਮਹਿਲਾ ਸਾਂਸਦ ਦਾ ਸਿਰ ਕੱਟਣ ਲਈ ਇਨਾਮ ਦੀ ਘੋਸ਼ਣਾ ਕਰਨਾ ਹੀ ਨਵੇਂ ਭਾਰਤ ਵਿੱਚ 'ਨਾਰੀ ਸ਼ਕਤੀ ਵੰਦਨ' ਦੀ ਅਸਲੀ ਸੋਚ ਹੈ? ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਮਹਿਲਾ ਸੁਰੱਖਿਆ ਨੂੰ ਚੋਣਾਂ ਦਾ ਮੁੱਦਾ ਬਣਾਉਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦਾ ਆਪਣਾ ਨੇਤਾ ਇੱਕ ਚੁਣੀ ਹੋਈ ਮਹਿਲਾ ਪ੍ਰਤੀਨਿਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ।
ਸਾਂਸਦ ਨੇ ਉੱਤਰ ਪ੍ਰਦੇਸ਼ ਦੀ ਬੁਲੰਦਸ਼ਹਿਰ ਪੁਲਸ ਅਤੇ ਪੱਛਮੀ ਬੰਗਾਲ ਪੁਲਸ ਤੋਂ ਮੰਗ ਕੀਤੀ ਹੈ ਕਿ ਇਸ ਭਾਜਪਾ ਨੇਤਾ ਦੇ ਖਿਲਾਫ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਸੋਸ਼ਲ ਮੀਡੀਆ ਅਤੇ ਮੁੱਖ ਧਾਰਾ ਮੀਡੀਆ ਵਿੱਚ ਚੱਲ ਰਹੀਆਂ ਇਨ੍ਹਾਂ ਖ਼ਬਰਾਂ 'ਤੇ ਗਹਿਰੀ ਚਿੰਤਾ ਪ੍ਰਗਟਾਈ ਹੈ।
ਧਮਕੀਆਂ ਦਾ ਜਵਾਬ ਦਿੰਦਿਆਂ ਸਾਯੋਨੀ ਘੋਸ਼ ਨੇ ਕਿਹਾ ਕਿ ਉਹ ਅਜਿਹੇ ਡਰਾਵਿਆਂ ਤੋਂ ਡਰ ਕੇ ਚੁੱਪ ਨਹੀਂ ਬੈਠਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਆਪਣਾ ਵਿਰੋਧ ਦਰਜ ਕਰਵਾਉਣ ਦੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਜਾਰੀ ਰੱਖਣਗੇ। ਉਨ੍ਹਾਂ ਉਨ੍ਹਾਂ ਸਾਰੇ ਸ਼ੁਭਚਿੰਤਕਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਦੱਸ ਦੇਈਏ ਕਿ ਇਹ ਸਾਰਾ ਵਿਵਾਦ ਭਾਜਪਾ ਨੇਤਾ ਦੀ ਇੱਕ ਕਥਿਤ ਟਿੱਪਣੀ ਤੋਂ ਬਾਅਦ ਸ਼ੁਰੂ ਹੋਇਆ ਹੈ, ਜਿਸ ਨੇ ਹੁਣ ਵੱਡਾ ਸਿਆਸੀ ਰੂਪ ਲੈ ਲਿਆ ਹੈ।
ਬੰਗਲਾਦੇਸ਼ 'ਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀ ਦੀ ਮੌਤ ! ਸ਼ੱਕੀ ਹਾਲਾਤ 'ਚ ਕਮਰੇ 'ਚੋਂ ਮਿਲੀ ਲਾਸ਼
NEXT STORY