ਨਵੀਂ ਦਿੱਲੀ- ਕਿਰੂ ਹਾਈਡ੍ਰੋਪਾਵਰ ਪ੍ਰਾਜੈਕਟ ’ਚ 2,200 ਕਰੋੜ ਰੁਪਏ ਦੇ ਸਿਵਲ ਕਾਰਜਾਂ ਦੇ ਠੇਕੇ ਵਿਚ ਕਥਿਤ ਭ੍ਰਿਸ਼ਟਾਚਾਰ ਸਬੰਧੀ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਮੁਸ਼ਕਲ ਵਿਚ ਪੈਂਦੇ ਨਜ਼ਰ ਆ ਰਹੇ ਹਨ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇਸ ਮਾਮਲੇ ਵਿਚ ਮਲਿਕ ਅਤੇ 5 ਹੋਰਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ 3 ਸਾਲਾਂ ਦੀ ਜਾਂਚ ਤੋਂ ਬਾਅਦ ਵਿਸ਼ੇਸ਼ ਅਦਾਲਤ ਸਾਹਮਣੇ ਚਾਰਜਸ਼ੀਟ ਦਾਇਰ ਕੀਤੀ। ਸੀ. ਬੀ. ਆਈ. ਨੇ ਪਿਛਲੇ ਸਾਲ ਫਰਵਰੀ ਵਿਚ ਮਾਮਲੇ ਦੇ ਸਬੰਧ ਵਿਚ ਸੱਤਿਆਪਾਲ ਮਲਿਕ ਅਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਸੀ. ਬੀ. ਆਈ. ਨੇ 2022 ਵਿਚ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਇਕ ਬਿਆਨ ਵਿਚ ਕਿਹਾ ਸੀ ਕਿ ਇਹ ਮਾਮਲਾ 2019 ਵਿਚ ‘ਕਿਰੂ ਹਾਈਡ੍ਰੋ ਇਲੈਕਟ੍ਰਿਕ ਪਾਵਰ’ (ਐੱਚ. ਈ. ਪੀ.) ਪ੍ਰਾਜੈਕਟ ਦੇ ਸਿਵਲ ਕੰਮਾਂ ਲਈ ਲੱਗਭਗ 2,200 ਕਰੋੜ ਰੁਪਏ ਦੇ ਠੇਕੇ ਨੂੰ ਇਕ ਨਿੱਜੀ ਕੰਪਨੀ ਨੂੰ ਦੇਣ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ।
ਸੱਤਿਆਪਾਲ ਮਲਿਕ 23 ਅਗਸਤ, 2018 ਤੋਂ 30 ਅਕਤੂਬਰ, 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਰਹੇ ਸਨ। ਮਲਿਕ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਪ੍ਰਾਜੈਕਟ ਨਾਲ ਸਬੰਧਤ ਇਕ ਫਾਈਲ ਸਮੇਤ 2 ਫਾਈਲਾਂ ਨੂੰ ਮਨਜ਼ੂਰੀ ਦੇਣ ਲਈ 300 ਕਰੋੜ ਰੁਪਏ ਦੀ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ। ਏਜੰਸੀ ਵੱਲੋਂ ਪਿਛਲੇ ਸਾਲ ਛਾਪੇਮਾਰੀ ਕੀਤੇ ਜਾਣ ਤੋਂ ਬਾਅਦ ਸੱਤਿਆਪਾਲ ਮਲਿਕ ਨੇ ਉਨ੍ਹਾਂ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਮਲਿਕ ਨੇ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਬਾਰੇ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਅਤੇ ਜੋ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਨ, ਉਨ੍ਹਾਂ ਦੀ ਜਾਂਚ ਕਰਨ ਦੀ ਥਾਂ ਸੀ. ਬੀ. ਆਈ. ਨੇ ਉਨ੍ਹਾਂ ਦੇ ਘਰ ’ਤੇ ਛਾਪਾ ਮਾਰਿਆ।
ਸੱਤਿਆਪਾਲ ਮਲਿਕ ਦੀ ਸਿਹਤ ਵਿਗੜੀ, ਹਸਪਤਾਲ ’ਚ ਭਰਤੀ
ਭ੍ਰਿਸ਼ਟਾਚਾਰ ਮਾਮਲੇ ’ਚ ਸੀ. ਬੀ. ਆਈ. ਦੀ ਕਾਰਵਾਈ ਦੌਰਾਨ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੀ ਸਿਹਤ ਵਿਗੜ ਗਈ ਹੈ। ਮਲਿਕ ਨੇ ਵੀਰਵਾਰ ਨੂੰ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਉਹ ਹਸਪਤਾਲ ਵਿਚ ਭਰਤੀ ਹਨ ਅਤੇ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿਚ ਨਹੀਂ ਹਨ। ਸਾਬਕਾ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਸ਼ੁੱਭਚਿੰਤਕਾਂ ਦੇ ਫੋਨ ਆ ਰਹੇ ਹਨ, ਜਿਨ੍ਹਾਂ ਨੂੰ ਉਹ ਸੁਣਨ ਵਿਚ ਅਸਮਰੱਥ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯਮੁਨਾ ਦੀ ਸਫਾਈ ਮੋਦੀ ਸਰਕਾਰ ਦੀ ਤਰਜੀਹ : ਸ਼ਾਹ
NEXT STORY