ਨਵੀਂ ਦਿੱਲੀ- ਚੀਫ਼ ਜਸਟਿਸ ਆਫ਼ ਇੰਡੀਆ ਡੀ.ਵਾਈ. ਚੰਦਰਚੂੜ ਦੀ ਅਗਵਾਈ 'ਚ ਤੇ ਜਸਟਿਸ ਸੰਜੀਵ ਖੰਨਾ, ਬੀ.ਆਰ. ਗਵਈ, ਸੂਰਿਆਕਾਂਤ ਤੇ ਰਿਸ਼ੀਕੇਸ਼ ਰਾਏ ਦੀ ਮੌਜੂਦਗੀ 'ਚ ਸੁਪਰੀਮ ਕੋਰਟ ਕਾਲੇਜੀਅਮ ਨੇ ਪੰਜਾਬ ਹਰਿਆਣਾ ਹਾਈਕੋਰਟ ਤੇ ਦਿੱਲੀ ਸਣੇ 8 ਸੂਬਿਆਂ ਦੇ ਹਾਈਕੋਰਟ 'ਚ ਨਵੇਂ ਚੀਫ਼ ਜਸਟਿਸ ਨਿਯੁਕਤ ਕਰਨ ਲਈ ਜੱਜਾਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ।
ਕੋਲੇਜੀਅਮ ਨੇ ਜਸਟਿਸ ਮਨਮੋਹਨ ਨੂੰ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਲਈ ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੀਤੀ ਹੈ। ਉਹ ਇਸ ਸਮੇਂ ਦਿੱਲੀ ਹਾਈਕੋਰਟ 'ਚ ਕਾਰਜਕਾਰੀ ਚੀਫ਼ ਜਸਟਿਸ ਵਜੋਂ ਸੇਵਾ ਨਿਭਾ ਰਹੇ ਹਨ।
ਇਨ੍ਹਾਂ ਤੋਂ ਇਲਾਵਾ ਕੋਲੇਜੀਅਮ ਨੇ ਜਸਟਿਸ ਐੱਮ.ਐੱਸ. ਰਾਮਚੰਦਰ ਰਾਓ, ਜੋ ਕਿ ਇਸ ਸਮੇਂ ਹਿਮਾਚਲ ਪ੍ਰਦੇਸ਼ ਹਾਈਕੋਰਟ 'ਚ ਚੀਫ਼ ਜਸਟਿਸ ਦੇ ਅਹੁਦੇ 'ਤੇ ਨਿਯੁਕਤ ਹਨ, ਨੂੰ ਝਾਰਖੰਡ ਦੇ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਲਈ ਉਨ੍ਹਾਂ ਦਾ ਨਾਂ ਪੇਸ਼ ਕੀਤਾ ਹੈ। ਝਾਰਖੰਡ ਹਾਈਕੋਰਟ ਦੇ ਮੌਜੂਦਾ ਚੀਫ਼ ਜਸਟਿਸ ਬੀ.ਆਰ. ਸਾਰੰਗੀ 9 ਜੁਲਾਈ ਨੂੰ ਰਿਟਾਇਰ ਹੋ ਚੁੱਕੇ ਹਨ।
ਦਿੱਲੀ ਹਾਈਕੋਰਟ ਦੇ ਜੱਜ ਰਾਜੀਵ ਸ਼ਕਢੇਰ ਦਾ ਨਾਂ ਹਿਮਾਚਲ ਪ੍ਰਦੇਸ਼ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਲਈ ਪੇਸ਼ ਕੀਤਾ ਗਿਆ ਹੈ, ਜਦਕਿ ਦਿੱਲੀ ਹਾਈਕੋਰਟ ਦੇ ਹੀ ਜੱਜ ਸੁਰੇਸ਼ ਕੈਤ ਦਾ ਨਾਂ ਜੰਮੂ-ਕਸ਼ਮੀਰ ਤੇ ਲੱਦਾਖ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਨਿਯੁਕਤ ਕਰਨ ਲਈ ਰੱਖਿਆ ਗਿਆ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਜੱਜ ਵਜੋਂ ਸੇਵਾ ਨਿਭਾ ਰਹੇ ਜਸਟਿਸ ਗੁਰਮੀਤ ਸਿੰਘ ਸੰਘਾਵਾਲੀਆ ਦਾ ਨਾਂ ਮੱਧ ਪ੍ਰਦੇਸ਼ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਦਿੱਤਾ ਗਿਆ ਹੈ। ਜਸਟਿਸ ਨਿਤਿਨ ਜਾਮਦਾਰ , ਜੋ ਕਿ ਮੌਜੂਦਾ ਸਮੇਂ ਬੰਬੇ ਹਾਈਕੋਰਟ 'ਚ ਜੱਜ ਵਜੋਂ ਨਿਯੁਕਤ ਹਨ, ਉਨ੍ਹਾਂ ਦੇ ਨਾਂ ਦੀ ਸਿਫਾਰਿਸ਼ ਕੋਲੇਜੀਅਮ ਨੇ ਕੇਰਲ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਕੀਤੀ ਹੈ।
ਜੰਮੂ-ਕਸ਼ਮੀਰ ਤੇ ਲੱਦਾਖ ਹਾਈਕੋਰਟ ਦੇ ਜਸਟਿਸ ਤਾਸ਼ੀ ਰਬਸਤਾਨ ਦਾ ਨਾਂ ਮੇਘਾਲਿਆ ਹਾਈਕੋਰਟ ਦੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣ ਲਈ ਪੇਸ਼ ਕੀਤਾ ਗਿਆ ਹੈ। ਮੇਘਾਲਿਆ ਹਾਈਕੋਰਟ ਦੇ ਮੌਜੂਦਾ ਚੀਫ਼ ਜਸਟਿਸ ਵੈਦਿਆਨਾਥਨ 16 ਅਗਸਤ ਨੂੰ ਰਿਟਾਇਰ ਹੋ ਰਹੇ ਹਨ। ਬੰਬੇ ਹਾਈਕੋਰਟ ਦੇ ਜਸਟਿਸ ਕੇ.ਆਰ. ਸ਼੍ਰੀਰਾਮ ਦੇ ਨਾਂ ਦੀ ਮਦਰਾਸ ਹਾਈਕੋਰਟ 'ਚ ਚੀਫ਼ ਜਸਟਿਸ ਵਜੋਂ ਨਿਯੁਕਤੀ ਲਈ ਸਿਫਾਰਿਸ਼ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਉੱਤਰੀ ਰੇਲਵੇ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ
NEXT STORY