ਇੰਫਾਲ- ਮਣੀਪੁਰ ਦੀ ਇੰਫਾਲ ਘਾਟੀ ਅਤੇ ਜਿਰੀਬਾਮ ਜ਼ਿਲ੍ਹੇ ਵਿਚ 13 ਦਿਨਾਂ ਦੇ ਵਕਫ਼ੇ ਮਗਰੋਂ ਸ਼ੁੱਕਰਵਾਰ ਨੂੰ ਸਕੂਲ ਅਤੇ ਕਾਲਜ ਫਿਰ ਤੋਂ ਖੁੱਲ੍ਹ ਗਏ। ਘਾਟੀ ਦੇ ਜ਼ਿਲ੍ਹਿਆਂ ਵਿਚ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਸੁਧਾਰ ਹੋਣ ਨਾਲ ਸੂਬੇ ਦੀ ਰਾਜਧਾਨੀ ਇੰਫਾਲ ਵਿਚ ਸਕੂਲੀ ਵਰਦੀਆਂ ਵਿਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਬੱਸਾਂ ਦੀ ਉਡੀਕ ਕਰਦੇ ਵੇਖੇ ਗਏ। ਸਿੱਖਿਆ ਡਾਇਰੈਕਟੋਰੇਟ ਅਤੇ ਉੱਚ ਤਕਨੀਕੀ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕਾਕਚਿੰਗ, ਥੌਬਲ ਅਤੇ ਜਿਰੀਬਾਮ ਜ਼ਿਲ੍ਹਿਆਂ ਵਿਚ ਕਲਾਸਾਂ ਮੁੜ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਸਨ।
ਕੇਂਦਰ ਸਰਕਾਰ ਦੇ ਅਧਿਕਾਰੀ ਕੇ. ਬਿਕਨ ਸਿੰਘ ਜਿਨ੍ਹਾਂ ਦੇ ਦੋ ਬੱਚੇ ਇੰਫਾਲ ਦੇ ਇਕ ਪ੍ਰਾਈਵੇਟ ਸਕੂਲ 'ਚ ਪੜ੍ਹਦੇ ਹਨ, ਨੇ ਇਹ ਬਹੁਤ ਰਾਹਤ ਦੀ ਗੱਲ ਹੈ ਕਿ ਸਕੂਲ ਮੁੜ ਤੋਂ ਖੁੱਲ੍ਹ ਗਏ ਹਨ। ਮੇਰੇ ਬੱਚੇ 8ਵੀਂ ਅਤੇ 7ਵੀਂ ਜਮਾਤ ਵਿਚ ਪੜ੍ਹਦੇ ਹਨ। ਉਨ੍ਹਾਂ ਦੀਆਂ ਅੰਤਿਮ ਪ੍ਰੀਖਿਆਵਾਂ ਦਸੰਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਣੀਆਂ ਸਨ ਅਤੇ ਸਿਲੇਬਸ ਦੇ ਕੁਝ ਹਿੱਸੇ ਅਜੇ ਵੀ ਪੂਰੇ ਨਹੀਂ ਹੋਏ ਹਨ। ਸਕੂਲ ਮੁੜ ਖੋਲ੍ਹਣ ਨਾਲ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲੇਗਾ। ਦੱਸ ਦੇਈਏ ਕਿ ਮਣੀਪੁਰ ਅਤੇ ਆਸਾਮ 'ਚ ਕ੍ਰਮਵਾਰ ਜ਼ੀਰੀ ਅਤੇ ਬਰਾਕ ਨਦੀਆਂ ਵਿਚੋਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਘਾਟੀ ਦੇ ਜ਼ਿਲ੍ਹਿਆਂ ਅਤੇ ਜਿਰੀਬਾਮ ਵਿਚ ਵਿਦਿਅਕ ਅਦਾਰੇ 16 ਨਵੰਬਰ ਤੋਂ ਬੰਦ ਸਨ।
ਇਸ ਦੌਰਾਨ ਇਕ ਅਧਿਕਾਰਤ ਆਦੇਸ਼ ਮੁਤਾਬਕ ਸੂਬਾ ਸਰਕਾਰ ਨੇ ਸ਼ੁੱਕਰਵਾਰ ਨੂੰ ਘਾਟੀ ਅਤੇ ਜਿਰੀਬਾਮ ਦੇ ਸਾਰੇ 5 ਜ਼ਿਲ੍ਹਿਆਂ 'ਚ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤੱਕ ਕਰਫਿਊ 'ਚ ਢਿੱਲ ਦੇਣ ਦੇ ਆਦੇਸ਼ ਦਿੱਤੇ ਤਾਂ ਜੋ ਲੋਕ ਜ਼ਰੂਰੀ ਵਸਤੂਆਂ ਅਤੇ ਦਵਾਈਆਂ ਦੀ ਖਰੀਦ ਕਰ ਸਕਣ। ਇੰਫਾਲ ਈਸਟ, ਇੰਫਾਲ ਵੈਸਟ, ਬਿਸ਼ਨੂਪੁਰ, ਕਾਕਚਿੰਗ ਅਤੇ ਥੌਬਲ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਹਟਾ ਦਿੱਤੀ ਹੈ। ਹੁਕਮਾਂ ਵਿਚ ਕਿਹਾ ਗਿਆ ਹੈ, ਸਮਰੱਥ ਅਧਿਕਾਰੀ ਤੋਂ ਪ੍ਰਵਾਨਗੀ ਲਏ ਬਿਨਾਂ ਕੋਈ ਮੀਟਿੰਗ/ਧਰਨਾ/ਰੈਲੀ ਨਹੀਂ ਕੀਤੀ ਜਾਵੇਗੀ।
1 ਦਸੰਬਰ ਤੋਂ OTP , ਕ੍ਰੈਡਿਟ ਕਾਰਡ ਸਮੇਤ ਕਈ ਹੋਰ ਨਿਯਮਾਂ ਚ ਹੋਣ ਜਾ ਰਹੇ ਵੱਡੇ ਬਦਲਾਅ
NEXT STORY