ਨਵੀਂ ਦਿੱਲੀ- ਭਾਰਤ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਲੰਡਨ ਯਾਤਰਾ ਦੌਰਾਨ ਹੋਈ ਸੁਰੱਖਿਆ ਕੁਹਾਤੀ ਦੀ ਘਟਨਾ ਦੀ ਵੀਰਵਾਰ ਯਾਨੀ ਕਿ ਅੱਜ ਨਿੰਦਾ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਅਸੀਂ ਵਿਦੇਸ਼ ਮੰਤਰੀ ਦੇ ਲੰਡਨ ਦੌਰੇ ਦੌਰਾਨ ਹੋਈ ਸੁਰੱਖਿਆ ਨਾਲ ਸਬੰਧਤ ਕੁਤਾਹੀ ਦੀ ਘਟਨਾ ਦੀ ਫੁਟੇਜ ਵੇਖੀ ਹੈ। ਜਾਇਸਵਾਲ ਨੇ ਕਿਹਾ ਕਿ ਅਸੀਂ ਵੱਖਵਾਦੀਆਂ ਅਤੇ ਕੱਟੜਪੰਥੀਆਂ ਦੇ ਇਸ ਛੋਟੇ ਸਮੂਹ ਦੀਆਂ ਭੜਕਾਊ ਗਤੀਵਿਧੀਆਂ ਦੀ ਨਿੰਦਾ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਮੇਜ਼ਬਾਨ ਸਰਕਾਰ ਅਜਿਹੇ ਮਾਮਲਿਆਂ ਵਿਚ ਆਪਣੀਆਂ ਕੂਟਨੀਤਕ ਜ਼ਿੰਮੇਵਾਰੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰੇਗੀ।
ਕੀ ਹੈ ਪੂਰਾ ਮਾਮਲਾ?
ਦੱਸ ਦੇਈਏ ਕਿ ਵਿਦੇਸ਼ ਮੰਤਰੀ ਜੈਸ਼ੰਕਰ ਇਸ ਸਮੇਂ ਲੰਡਨ ਵਿਚ ਹਨ। ਉਨ੍ਹਾਂ ਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਦੇ ਇਕ ਵਿਸ਼ੇਸ਼ ਪ੍ਰੋਗਰਾਮ 'ਚ ਹਿੱਸਾ ਲਿਆ। ਪ੍ਰੋਗਰਾਮ ਖਤਮ ਹੁੰਦੇ ਹੀ ਉਹ ਆਪਣੀ ਕਾਰ ਵੱਲ ਵਧੇ। ਉੱਥੇ ਪਹਿਲਾਂ ਹੀ ਵਿਰੋਧ ਕਰ ਰਹੇ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਨੂੰ ਦੇਖ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਕਾਰ ਨੂੰ ਘੇਰ ਲਿਆ। ਇਸ ਤੋਂ ਬਾਅਦ ਇਕ ਵਿਅਕਤੀ ਤਿਰੰਗਾ ਲੈ ਕੇ ਉਨ੍ਹਾਂ ਦੀ ਕਾਰ ਦੇ ਸਾਹਮਣੇ ਖੜ੍ਹਾ ਹੋ ਗਿਆ ਤੇ ਰਸਤਾ ਰੋਕ ਲਿਆ। ਇਸ ਦੌਰਾਨ ਉਸ ਨੇ ਭਾਰਤ ਦੇ ਤਿਰੰਗੇ ਨੂੰ ਪਾੜ ਦਿੱਤਾ।
ਜਿਵੇਂ ਹੀ ਖਾਲਿਸਤਾਨ ਸਮਰਥਕ ਨੂੰ ਤਿਰੰਗਾ ਪਾੜਦੇ ਦੇਖਿਆ ਤਾਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ ਅਤੇ ਕਾਰ ਤੋਂ ਦੂਰ ਲੈ ਗਏ। ਇਸ ਪੂਰੀ ਘਟਨਾ ਨੂੰ ਵਿਦੇਸ਼ ਮੰਤਰੀ ਦੀ ਸੁਰੱਖਿਆ ਵਿਚ ਵੱਡੀ ਕੁਤਾਹੀ ਵਜੋਂ ਵੇਖਿਆ ਜਾ ਰਿਹਾ ਹੈ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਭਾਰਤੀਆਂ ਨੇ ਲੰਡਨ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਲੋਕ ਬ੍ਰਿਟਿਸ਼ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਤਿਰੰਗੇ ਦਾ ਅਪਮਾਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਭਾਰਤੀਆਂ ਲਈ ਖ਼ੁਸ਼ਖ਼ਬਰੀ ; ਪੂਰਾ ਹੋਣ ਹੀ ਵਾਲਾ ਹੈ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪੁਲ ਦਾ ਨਿਰਮਾਣ
NEXT STORY