ਮੰਡੀ— ਸੋਮਵਾਰ ਯਾਨੀ ਕਿ ਅੱਜ ਤੜਕੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਪੁਲਘਰਾਟ ਖੇਤਰ ਕੋਲ ਸੁਕੇਤੀ ਖੱਡ ਦੀ ਜਲ ਧਾਰਾ ਵਿਚ ਇਕ ਪਿਕਅੱਪ ਦੇ ਡਿੱਗਣ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖਮੀ ਹੋ ਗਿਆ। ਹਾਦਸਾ ਤੜਕਸਾਰ 3 ਵਜੇ ਦੇ ਨੇੜੇ-ਤੇੜੇ ਵਾਪਰਿਆ। ਹਾਦਸੇ ਵਿਚ ਮਰਨ ਵਾਲੇ ਸਾਰੇ ਲੋਕ ਬਿਹਾਰ ਤੋਂ ਆਏ ਮਜ਼ਦੂਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਸਦਰ ਥਾਣੇ ਦੇ ਐੱਸ. ਐੱਚ. ਓ. ਵਿਨੋਦ ਕੁਮਾਰ ਠਾਕੁਰ ਪੂਰੀ ਟੀਮ ਨਾਲ ਮੌਕੇ 'ਤੇ ਪੁੱਜੇ ਅਤੇ ਨਦੀ ਵਿਚ ਡਿੱਗੀ ਗੱਡੀ 'ਚੋਂ ਲਾਸ਼ਾਂ ਬਾਹਰ ਕੱਢੀਆਂ। ਹਾਦਸੇ ਵਿਚ ਗੱਡੀ ਦਾ ਡਰਾਈਵਰ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ, ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਵਿਨੋਦ ਕੁਮਾਰ ਨੇ ਦੱਸਿਆ ਕਿ ਇਹ ਮਜ਼ਦੂਰ ਦੇਰ ਰਾਤ ਹੀ ਬੱਸ ਸਟੈਂਡ 'ਚ ਬਿਹਾਰ ਤੋਂ ਆ ਕੇ ਉਤਰੇ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲੈਣ ਲਈ ਠੇਕੇਦਾਰ ਦੀ ਗੱਡੀ ਆਈ ਪਰ ਪੁਲਘਰਾਟ ਕੋਲ ਪਿਕਅੱਪ ਬੇਕਾਬੂ ਹੋ ਕੇ ਰੇਲਿੰਗ ਤੋੜਦੇ ਹੋਏ ਪਾਣੀ 'ਚ ਡਿੱਗ ਗਈ, ਜਿਸ ਕਾਰਨ ਪਿੱਛੇ ਬੈਠੇ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਸਾਰੀਆਂ ਲਾਸ਼ਾਂ ਨੂੰ ਜ਼ੋਨਲ ਹਸਪਤਾਲ 'ਚ ਰੱਖਿਆ ਗਿਆ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।
ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ 'ਚ ਵਾਪਰੇ ਸੜਕ ਹਾਦਸੇ ਨੂੰ ਲੈ ਕੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੰਡੀ 'ਚ ਸੜਕ ਹਾਦਸੇ ਦੀ ਖ਼ਬਰ ਤੋਂ ਬਹੁਤ ਦੁੱਖ ਹੋਇਆ ਹੈ। ਸਰਕਾਰ ਰਾਹਤ ਅਤੇ ਬਚਾਅ ਕੰਮ 'ਚ ਜੁੱਟੀ ਹੋਈ ਹੈ। ਇਸ ਹਾਦਸੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ ਅਤੇ ਜ਼ਖਮੀਆਂ ਦੇ ਛੇਤੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।
ਪ੍ਰੇਮੀ ਨੇ ਪ੍ਰੇਮਿਕਾ 'ਤੇ ਸੁੱਟਿਆ ਤੇਜ਼ਾਬ, ਪੀੜਤਾ ਦੀ ਮੌਤ
NEXT STORY