ਜੰਮੂ (ਰੌਸ਼ਨੀ) - ਬੀਤੇ ਦਿਨੀਂ ਹੋਈ ਬਰਫਬਾਰੀ ਤੋਂ ਬਾਅਦ ਜੰਮੂ-ਕਸ਼ਮੀਰ ’ਚ ਕੜਾਕੇ ਦੀ ਠੰਢ ਦਾ ਆਗਾਜ਼ ਹੋ ਗਿਆ ਹੈ। ਬੀਤੇ ਕੁਝ ਦਿਨਾਂ ਤੋਂ ਕਸ਼ਮੀਰ ਅਤੇ ਜੰਮੂ ਡਵੀਜ਼ਨ ’ਚ ਘੱਟੋ-ਘੱਟ ਤਾਪਮਾਨ ’ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੀਨਗਰ ’ਚ ਬੁੱਧਵਾਰ ਨੂੰ ਸਵੇਰੇ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 0.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ, ਜਦੋਂ ਕਿ ਸ਼ੋਪੀਆਂ ’ਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.9 ਡਿਗਰੀ ਸੈਲਸੀਅਸ ਹੇਠਾਂ ਅਤੇ ਪਹਿਲਗਾਮ ’ਚ ਜ਼ੀਰੋ ਤੋਂ 3.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਉਥੇ ਹੀ ਮੌਸਮ ਵਿਭਾਗ ਨੇ ਦੱਸਿਆ ਕਿ ਅਗਲੇ 2 ਦਿਨਾਂ ਦੌਰਾਨ ਜੰਮੂ-ਕਸ਼ਮੀਰ ’ਚ ਸੀਤ ਲਹਿਰ ਦਾ ਕਹਿਰ ਵਧਣ ਦੀ ਸੰਭਾਵਨਾ ਹੈ।
ਵਿਭਾਗ ਨੇ ਇਸ ਹਫਤੇ ਦੇ ਅਖੀਰ ਤੱਕ ਜੰਮੂ-ਕਸ਼ਮੀਰ ਦੇ ਕੁਝ ਇਲਾਕਿਆਂ ’ਚ ਮੀਂਹ ਅਤੇ ਉੱਚੇ ਪਹਾੜੀ ਇਲਾਕਿਆਂ ’ਚ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਹੈ। ਮੌਸਮ ਵਿਭਾਗ ਅਨੁਸਾਰ 23 ਨਵੰਬਰ ਦੀ ਸ਼ਾਮ ਤੱਕ ਜੰਮੂ-ਕਸ਼ਮੀਰ ’ਚ ਆਮ ਤੌਰ ’ਤੇ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ। 24 ਨਵੰਬਰ ਨੂੰ ਦੇਰ ਰਾਤ ਤੋਂ ਕਸ਼ਮੀਰ ਦੇ ਉੱਚੇ ਇਲਾਕਿਆਂ ਅਤੇ ਜੰਮੂ ਡਵੀਜ਼ਨ ਦੇ ਵੱਖ-ਵੱਖ ਇਲਾਕਿਆਂ ’ਚ ਹਲਕਾ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਵਿਭਾਗ ਨੇ ਯਾਤਰੀਆਂ, ਸੈਲਾਨੀਆਂ ਅਤੇ ਟ੍ਰੈਕਰਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਮੀਂਹ ਅਤੇ ਬਰਫਬਾਰੀ ਨੂੰ ਵੇਖਦੇ ਹੋਏ ਸਾਵਧਾਨੀ ਨਾਲ ਬਣਾਉਣ।
ਬਿਜਲੀ ਦਾ ਬਿੱਲ ਹੋਵੇਗਾ ਜ਼ੀਰੋ, ਕਮਾਈ ਦਾ ਵੀ ਮੌਕਾ... ਦਿੱਲੀ ਸਰਕਾਰ ਨੇ ਲਾਂਚ ਕੀਤਾ ਇਹ ਪੋਰਟਲ
NEXT STORY