ਜਲੰਧਰ (ਬਿਊਰੋ)– ਬਾਲੀਵੁੱਡ ਅਦਾਕਾਰਾ ਰੀਆ ਚੱਕਰਵਰਤੀ ਦੇ ਭਰਾ ਸ਼ੌਵਿਕ ਨੂੰ ਐੱਨ. ਡੀ. ਪੀ. ਐੱਸ. ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਉਸ ਨੂੰ ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਡਰੱਗਸ ਦਾ ਐਂਗਲ ਸਾਹਮਣੇ ਆਉਣ ਤੋਂ ਬਾਅਦ ਐੱਨ. ਸੀ. ਬੀ. ਨੇ ਗ੍ਰਿਫਤਾਰ ਕੀਤਾ ਸੀ। ਸ਼ੌਵਿਕ ਚੱਕਰਵਰਤੀ ’ਤੇ ਡਰੱਗਸ ਦਾ ਲੈਣ-ਦੇਣ ਤੇ ਸੇਵਨ ਕਰਨ ਦਾ ਦੋਸ਼ ਹੈ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਡਰੱਗਸ ਦਾ ਐਂਗਲ ਆਉਣ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਨੂੰ ਐੱਨ. ਸੀ. ਬੀ. ਨੇ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਰੀਆ ਨੂੰ ਤਾਂ ਕੁਝ ਸਮਾਂ ਪਹਿਲਾਂ ਜ਼ਮਾਨਤ ਮਿਲ ਗਈ ਸੀ ਪਰ ਸ਼ੌਵਿਕ ਅਜੇ ਤਕ ਜੇਲ ’ਚ ਸੀ। ਅਜਿਹੇ ’ਚ ਸ਼ੌਵਿਕ ਨੇ ਬੀਤੇ ਦਿਨੀਂ ਅਦਾਲਤ ’ਚ ਨਵੀਂ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ।
ਸ਼ੌਵਿਕ ਚੱਕਰਵਰਤੀ ਨੇ ਮੁੰਬਈ ਦੀ ਸਪੈਸ਼ਲ ਐੱਨ. ਡੀ. ਪੀ. ਐੱਸ. ਅਦਾਲਤ ’ਚ ਨਵੀਂ ਜ਼ਮਾਨਤ ਅਰਜ਼ੀ ਦਾਖਲ ਕੀਤੀ ਸੀ, ਜਿਸ ’ਚ ਉਨ੍ਹਾਂ ਨੇ ਅਕਤੂਬਰ ’ਚ ਆਏ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਧਾਰ ਬਣਾਇਆ ਸੀ। ਅਦਾਲਤ ਨੇ ਸ਼ੌਵਿਕ ਦੀ ਪਹਿਲਾਂ ਕਈ ਵਾਰ ਜ਼ਮਾਨਤ ਅਰਜ਼ੀ ਨੂੰ ਖਾਰਜ ਕੀਤਾ ਸੀ ਪਰ ਹੁਣ ਉਸ ਦੀ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਅਕਤੂਬਰ ’ਚ ਸੁਪਰੀਮ ਕੋਰਟ ਨੇ ਆਪਣੇ ਫੈਸਲੇ ’ਚ ਕਿਹਾ ਸੀ ਕਿ ਐੱਨ. ਸੀ. ਬੀ. ਅਧਿਕਾਰੀਆਂ ਦੇ ਸਾਹਮਣੇ ਦਿੱਤੇ ਗਏ ਬਿਆਨ ਨੂੰ ਜੁਰਮ ਕਬੂਲ ਕਰਨਾ ਨਹੀਂ ਮੰਨਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸ ਦੇ ਆਧਾਰ ’ਤੇ ਕਿਸੇ ਨੂੰ ਜੇਲ ’ਚ ਨਹੀਂ ਰੱਖਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਸ਼ੌਵਿਕ ਦੀ ਜ਼ਮਾਨਤ ਅਰਜ਼ੀ ਨੂੰ ਬੰਬੇ ਕੋਰਟ ਨੇ ਰੱਦ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸ਼ੌਵਿਕ ਤੋਂ ਇਲਾਵਾ ਐੱਨ. ਸੀ. ਬੀ. ਨੇ ਰੀਆ ਚੱਕਰਵਰਤੀ, ਸੈਮੂਅਲ ਮਿਰਾਂਡਾ ਤੇ ਦੀਪੇਸ਼ ਸਾਵੰਤ ਨੂੰ ਵੀ ਗ੍ਰਿਫਤਾਰ ਕੀਤਾ ਸੀ। ਇਕ ਪਾਸੇ ਜਿਥੇ ਰੀਆ, ਸੈਮੂਅਲ ਤੇ ਦੀਪੇਸ਼ ਨੂੰ ਜ਼ਮਾਨਤ ਮਿਲ ਚੁੱਕੀ ਹੈ, ਉਥੇ ਸ਼ੌਵਿਕ 4 ਸਤੰਬਰ ਤੋਂ ਹੀ ਜੇਲ ’ਚ ਹੈ। ਇਸ ਵਿਚਾਲੇ ਸ਼ੌਵਿਕ ਨੇ ਕਈ ਵਾਰ ਜ਼ਮਾਨਤ ਅਰਜ਼ੀ ਦਾਖਲ ਕੀਤੀ ਪਰ ਹਰ ਵਾਰ ਉਹ ਰੱਦ ਹੋ ਗਈ।
ਦੱਸਣਯੋਗ ਹੈ ਕਿ 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਨਾਲ ਹਰ ਕੋਈ ਹੈਰਾਨ ਰਹਿ ਗਿਆ ਸੀ। ਇਕ ਪਾਸੇ ਜਿਥੇ ਕਈ ਲੋਕਾਂ ਨੇ ਇਸ ਨੂੰ ਕਤਲ ਦਾ ਕੇਸ ਦੱਸਿਆ, ਉਥੇ ਦੂਜੇ ਪਾਸੇ ਆਤਮ ਹੱਤਿਆ ਦੀਆਂ ਵੀ ਕਈ ਗੱਲਾਂ ਸਾਹਮਣੇ ਆਈਆਂ। ਹਾਲਾਂਕਿ ਅਜੇ ਤਕ ਸੁਸ਼ਾਂਤ ਕੇਸ ਦੀ ਗੁੱਥੀ ਸੁਲਝੀ ਨਹੀਂ ਹੈ। ਉਥੇ ਛਾਣਬੀਨ ’ਚ ਡਰੱਗਸ ਤੇ ਪੈਸਿਆਂ ਦੇ ਹੇਰ-ਫੇਰ ਦੇ ਚਲਦਿਆਂ ਸੀ. ਬੀ. ਆਈ. ਤੋਂ ਬਾਅਦ ਐੱਨ. ਸੀ. ਬੀ. ਤੇ ਈ. ਡੀ. ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਨੋਟ– ਰੀਆ ਦੇ ਭਰਾ ਦੀ ਜ਼ਮਾਨਤ ਅਰਜ਼ੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਸੈਕਸ਼ਨ ’ਚ ਜ਼ਰੂਰ ਦੱਸੋ।
ਦਰਿੰਦਗੀ ਦੀ ਹੱਦ ਪਾਰ, ਬੱਚੀ ਦੀ ਲਾਸ਼ ਨਾਲ ਵੀ ਕੀਤਾ ਗਿਆ ਸੀ ਜਬਰ ਜ਼ਿਨਾਹ
NEXT STORY