ਨਵੀਂ ਦਿੱਲੀ– ਕਾਂਗਰਸ ਦੇ ਕਈ ਨੇਤਾਵਾਂ ਨੇ ਗਾਂਧੀ ਪਰਿਵਾਰ ਦੇ ਸੰਦਰਭ ’ਚ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੰਗਲਵਾਰ ਨੂੰ ਉਨ੍ਹਾਂ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਭਾਸ਼ਾ ਬੋਲ ਰਹੇ ਹਨ। ਪਾਰਟੀ ਦੇ ਸੀਨੀਅਰ ਨੇਤਾ ਸਿੱਬਲ ਨੇ ਇਕ ਅੰਗਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਹੈ ਕਿ ਗਾਂਧੀ ਪਰਿਵਾਰ ਨੂੰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੋਂ ਵੱਖ ਹੋਣਾ ਚਾਹੀਦਾ ਹੈ ਅਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ‘ਘਰ ਦੀ ਕਾਂਗਰਸ’ ਨਹੀਂ, ਸਗੋਂ ‘ਸਭ ਦੀ ਕਾਂਗਰਸ’ ਚਾਹੁੰਦੇ ਹਨ। ਲੋਕ ਸਭਾ ’ਚ ਕਾਂਗਰਸ ਦੇ ਵ੍ਹਿਪ ਮਣਿਕਮ ਟੈਗੋਰ ਨੇ ਸਿੱਬਲ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਟਵੀਟ ਕੀਤਾ, ‘‘ਆਰ. ਐੱਸ. ਐੱਸ. ਅਤੇ ਭਾਜਪਾ ਕਿਉਂ ਚਾਹੁੰਦੇ ਹਨ ਕਿ ਨਹਿਰੂ-ਗਾਂਧੀ ਲੀਡਰਸ਼ਿਪ ਤੋਂ ਵੱਖ ਹੋਣ? ਕਿਉਂਕਿ ਗਾਂਧੀ ਪਰਿਵਾਰ ਦੀ ਅਗਵਾਈ ਤੋਂ ਬਿਨਾਂ ਕਾਂਗਰਸ, ਜਨਤਾ ਪਾਰਟੀ ਬਣ ਜਾਵੇਗੀ। ਇਸ ਤਰ੍ਹਾਂ ਕਾਂਗਰਸ ਨੂੰ ਖਤਮ ਕਰਨਾ ਸੌਖਾ ਹੋਵੇਗਾ ਅਤੇ ਫਿਰ ਤੋਂ ਆਈਡੀਆ ਆਫ ਇੰਡੀਆ (ਭਾਰਤ ਦੇ ਵਿਚਾਰ) ਨੂੰ ਖਤਮ ਕਰਨਾ ਸੌਖਾ ਹੋਵੇਗਾ। ਕਪਿਲ ਸਿੱਬਲ ਇਹ ਜਾਣਦੇ ਹਨ ਪਰ ਉਹ ਆਰ. ਐੱਸ. ਐੱਸ./ਭਾਜਪਾ ਦੀ ਭਾਸ਼ਾ ਕਿਉਂ ਬੋਲ ਰਹੇ ਹਨ?’’
ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਸਿੱਬਲ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਅਜਿਹੇ ਨੇਤਾਵਾਂ ਨੂੰ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਰੋਜ਼ਾਨਾ ਬਿਆਨਬਾਜ਼ੀ ਕਰਨ ਦੀ ਬਜਾਏ ਪ੍ਰਧਾਨਗੀ ਅਹੁਦੇ ਦੀ ਚੋਣ ਲੜਣੀ ਚਾਹੀਦੀ ਹੈ। ਖੇੜਾ ਨੇ ਕਿਹਾ, ‘‘ਕਪਿਲ ਸਿੱਬਲ, ਡਾਕਟਰ ਹਰਸ਼ਵਰਧਨ (ਭਾਜਪਾ ਨੇਤਾ) ਨੇ ਤੁਹਾਨੂੰ ਨਹੀਂ ਕਿਹਾ ਸੀ ਕਿ ਚਾਂਦਨੀ ਚੌਕ ਤੋਂ ਵੱਖ ਹੋ ਜਾਓ।ਉਹ ਚੋਣ ਲੜੇ ਅਤੇ ਤੁਹਾਨੂੰ ਹਰਾ ਦਿੱਤਾ। ਜੋ ਲੋਕ ਕਾਂਗਰਸ ਦੀ ਅਗਵਾਈ ਕਰਨਾ ਚਾਹੁੰਦੇ ਹਨ, ਉਹ ਮੌਜੂਦਾ ਲੀਡਰਸ਼ਿਪ ਦੇ ਖਿਲਾਫ ਰੋਜ਼ਾਨਾ ਬੋਲਣ ਦੀ ਬਜਾਏ ਪਾਰਟੀ ਦੇ ਪ੍ਰਧਾਨਗੀ ਅਹੁਦੇ ਦੀ ਚੋਣ ਲੜਣ ਲਈ ਆਜ਼ਾਦ ਹਨ।’’ ਖੇੜਾ ਦਾ ਸੰਕੇਤ ਦਿੱਲੀ ਦੀ ਚਾਂਦਨੀ ਚੌਕ ਲੋਕ ਸਭਾ ਸੀਟ ’ਤੇ 2014 ’ਚ ਹੋਈ ਲੋਕ ਸਭਾ ਚੋਣ ’ਚ ਹਰਸ਼ਵਰਧਨ ਵੱਲੋਂ ਸਿੱਬਲ ਨੂੰ ਹਰਾਉਣ ਵੱਲ ਸੀ।
ਕਾਂਗਰਸ ਨੂੰ ਦੋਹਰੀ ਮਾਰ, ਰਾਜ ਸਭਾ ’ਚ ਹੋਵੇਗਾ ਭਾਰੀ ਨੁਕਸਾਨ
NEXT STORY