ਬੇਲਾਰੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਨੇ ਬੁੱਧਵਾਰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਬੋਮਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ‘ਕਤੂਰੇ’ ਵਾਂਗ ਹਨ। ਸਿੱਧਰਮਈਆ ਜੋ ਸੂਬਾਈ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਵੀ ਹਨ, ਨੇ ਇਕ ਜਲਸੇ ’ਚ ਬੋਲਦਿਆਂ 5ਵੇਂ ਵਿੱਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਰਾਜ ਵਿੱਚ 5,495 ਕਰੋੜ ਰੁਪਏ ਲਿਆਉਣ ਵਿੱਚ ਕਥਿਤ ਤੌਰ ’ਤੇ ਅਸਫ਼ਲ ਰਹਿਣ ਲਈ ਮੁੱਖ ਮੰਤਰੀ ਵਿਰੁੱਧ ਉਕਤ ਟਿੱਪਣੀ ਕੀਤੀ। ਉਨ੍ਹਾਂ ਬੋਮਈ ਨੂੰ ਕੁਝ ਹਿੰਮਤ ਦਿਖਾਉਣ ਦੀ ਚੁਣੌਤੀ ਦਿੱਤੀ। ਕਾਂਗਰਸੀ ਨੇਤਾ ਨੇ ਕਿਹਾ, ‘ਬਸਵਰਾਜ ਬੋਮਈ ਜੀ, ਤੁਸੀਂ ਨਰਿੰਦਰ ਮੋਦੀ ਦੇ ਸਾਹਮਣੇ ਕਤੂਰੇ ਵਾਂਗ ਹੋ। ਤੁਸੀਂ ਉਨ੍ਹਾਂ ਦੇ ਸਾਹਮਣੇ ਕੰਬਦੇ ਹੋ। 15ਵੇਂ ਵਿੱਤ ਕਮਿਸ਼ਨ ਨੇ ਆਪਣੀ ਅੰਤਰਿਮ ਰਿਪੋਰਟ ਵਿੱਚ ਕਰਨਾਟਕ ਲਈ ਵਿਸ਼ੇਸ਼ ਅਲਾਟਮੈਂਟ ਵਜੋਂ 5,495 ਕਰੋੜ ਰੁਪਏ ਦੀ ਸਿਫ਼ਾਰਸ਼ ਕੀਤੀ ਸੀ ਪਰ ਕਰਨਾਟਕ ਤੋਂ ਰਾਜ ਸਭਾ ਦੀ ਮੈਂਬਰ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ.ਕੇ. ਸਿੰਘ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸਾਡੇ ਲਈ 5,495 ਕਰੋੜ ਰੁਪਏ ਦੇਣਾ ਸੰਭਵ ਨਹੀਂ ਹੈ। ਸਿੱਧਰਮਈਆ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਭਾਜਪਾ ਦੇ ਕਰਨਾਟਕ ਤੋਂ ਲੋਕ ਸਭਾ ਵਿੱਚ 25 ਮੈਂਬਰ ਹਨ। ਜੇ ਹਿੰਮਤ ਹੈ ਤਾਂ ਕੇਂਦਰ ਤੋਂ 5495 ਕਰੋੜ ਰੁਪਏ ਲੈ ਕੇ ਦਿਖਾਓ।
ਬੋਮਈ ਨੇ ਖੁਦ ਨੂੰ ਲੋਕਾਂ ਦਾ ਵਫ਼ਾਦਾਰ ਦੱਸਿਆ
ਮੁੱਖ ਮੰਤਰੀ ਬੋਮਈ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਸਿੱਧਰਮਈਆ ਦਾ ਬਿਆਨ ਉਨ੍ਹਾਂ ਦੀ ਹੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ। ਮੈਂ ਤਾਂ ‘ਵਫ਼ਾਦਾਰ ਕੁੱਤੇ’ ਵਾਂਗ ਸੂਬੇ ਦੇ ਲੋਕਾਂ ਪ੍ਰਤੀ ਵਫ਼ਾਦਾਰ ਹਾਂ। ਮੋਦੀ 'ਕਾਮਾਧੇਨੂ' (ਗਾਂ) ਵਾਂਗ ਹਨ, ਜਿਨ੍ਹਾਂ ਨੇ ਕਰਨਾਟਕ ਨੂੰ ਕਈ ਪ੍ਰਾਜੈਕਟ ਦਿੱਤੇ ਹਨ। ਲੋਕ ਅਸੈਂਬਲੀ ਚੋਣਾਂ ’ਚ ਵਿਰੋਧੀ ਧਿਰ ਦੇ ਨੇਤਾ ਨੂੰ ਕਰਾਰਾ ਜਵਾਬ ਦੇਣਗੇ। ਬੇਲਾਰੀ ਵਿੱਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬੋਮਈ ਨੇ ਕਿਹਾ ਕਿ ਇਹ ਬਿਆਨ ਕਾਂਗਰਸੀ ਆਗੂ ਦੀ ਸ਼ਖ਼ਸੀਅਤ ਨੂੰ ਦਰਸਾਉਂਦਾ ਹੈ। ਮੈਂ ਸਿੱਧਰਮਈਆ ਵਾਂਗ ਸਮਾਜ ਨੂੰ ਵੰਡਿਆ ਨਹੀਂ ਹੈ। ਨਰਿੰਦਰ ਮੋਦੀ ਨੇ ਕਰਨਾਟਕ ਨੂੰ 6,000 ਕਿਲੋਮੀਟਰ ਹਾਈਵੇਅ ਦਿੱਤੇ। ਆਉਣ ਵਾਲੇ ਦਿਨਾਂ ਵਿੱਚ ਅੱਪਰ ਕ੍ਰਿਸ਼ਨਾ ਪ੍ਰਾਜੈਕਟ ਨੂੰ ਕੌਮੀ ਪ੍ਰਾਜੈਕਟ ਐਲਾਨ ਕੇ ਗਰਾਂਟ ਜਾਰੀ ਕਰ ਦਿੱਤੀ ਜਾਵੇਗੀ।
ਪਾਣੀ ਦੇ ਮੁੱਦੇ 'ਤੇ PM ਮੋਦੀ ਨੇ ਦਿੱਤੇ ਅਹਿਮ ਸੁਝਾਅ, ਕਿਹਾ- ਇਕੱਲੀ ਸਰਕਾਰ ਕੁਝ ਨਹੀਂ ਕਰ ਸਕਦੀ
NEXT STORY