ਨਵੀਂ ਦਿੱਲੀ (ਵਾਰਤਾ)- ਕਾਂਗਰਸ ਨੇ ਕਈ ਅਟਕਲਾਂ ਨੂੰ ਰੋਕ ਲਗਾਉਂਦੇ ਹੋਏ ਵੀਰਵਾਰ ਨੂੰ ਆਪਣੇ ਸੀਨੀਅਰ ਨੇਤਾ ਸਿੱਧਰਮਈਆ ਨੂੰ ਕਰਨਾਟਕ ਦਾ ਨਵਾਂ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਡੀ.ਕੇ. ਸ਼ਿਵ ਕੁਮਾਰ ਨੂੰ ਉੱਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਸੀਨੀਅਰ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਅਤੇ ਸ਼੍ਰੀ ਸ਼ਿਵਕੁਮਾਰ ਨਾਲ ਕਈ ਘੰਟਿਆਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ ਪਾਰਟੀ ਨੇ ਇਹ ਐਲਾਨ ਕੀਤਾ। ਸਿੱਧਰਮਈਆ ਵਰੁਣਾ ਵਿਧਾਨ ਸਭਾ ਖੇਤਰ ਤੋਂ ਜਿੱਤੇ ਹਨ, ਜਦੋਂ ਕਿ ਸ਼ਿਵ ਕੁਮਾਰ ਕਨਕਪੁਰਾ ਸੀਟ ਤੋਂ ਜਿੱਤੇ ਹਨ। ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਗਠਨ ਇੰਚਾਰਜ ਕੇ.ਸੀ. ਵੇਣੂਗੋਪਾਲ ਨੇ ਪਾਰਟੀ ਹੈੱਡ ਕੁਆਰਟਰ 'ਚ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਕਾਂਗਰਸ ਪ੍ਰਧਾਨ ਨੇ ਵਿਆਪਕ ਵਿਚਾਰ-ਵਟਾਂਦਰੇ ਤੋਂ ਬਾਅਦ ਫ਼ੈਸਲਾ ਕੀਤਾ ਹੈ ਕਿ ਸਿੱਧਰਮਈਆ ਕਰਨਾਟਕ ਦੇ ਮੁੱਖ ਮੰਤਰੀ ਹੋਣਗੇ ਅਤੇ ਡੀ.ਕੇ. ਸ਼ਿਵਕੁਮਾਰ ਇਕਲੌਤੇ ਉੱਪ ਮੁੱਖ ਮੰਤਰੀ ਹੋਣਗੇ।''
ਉਨ੍ਹਾਂ ਦੱਸਿਆ ਕਿ ਸਹੁੰ ਚੁੱਕ ਸਮਾਰੋਹ 20 ਮਈ ਨੂੰ ਹੋਵੇਗੀ। ਵੇਣੂਗੋਪਾਲ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਨਾਲ ਮੰਤਰੀਆਂ ਦਾ ਇਕ ਸਮੂਹ ਵੀ ਸਹੁੰ ਚੁੱਕੇਗਾ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਦੱਖਣੀ ਰਾਜ ਦੇ ਦੋਹਾਂ ਨੇਤਾਵਾਂ ਨੂੰ ਦਿੰਦੇ ਹੋਏ ਕਿਹਾ,''ਦੋਵੇਂ ਨੇਤਾ ਕਰਨਾਟਕ 'ਚ ਕਾਂਗਰਸ ਦੀ ਵੱਡੀ ਜਾਇਦਾਦ ਹਨ। ਇਹ ਚੋਣ ਗਰੀਬ ਬਨਾਮ ਅਮੀਰ ਸੀ।'' ਇਕ ਸਵਾਲ ਦੇ ਜਵਾਬ 'ਚ ਕਾਂਗਰਸ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਸਹੁੰ ਚੁੱਕ ਸਮਾਰੋਹ 'ਚ ਸਮਾਨ ਵਿਚਾਰਧਾਰਾ ਵਾਲੇ ਸਾਰੇ ਦਲਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਜਾਵੇਗਾ। ਕਾਂਗਰਸ ਦੇ ਕਰਨਾਟਕ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਾਰਟੀ ਕਰਨਾਟਕ 'ਚ ਪਾਰਦਰਸ਼ੀ ਸਰਕਾਰ ਦੇਣ ਅਤੇ ਸੂਬੇ ਦੇ ਲੋਕਾਂ ਦੇ ਕਲਿਆਣ ਲਈ ਕੰਮ ਕਰਨ ਲਈ ਵਚਨਬੱਧ ਹੈ। ਇਸ ਵਿਚ ਖੜਗੇ ਨੇ ਟਵੀਟ ਕਰ ਕੇ ਕਿਹਾ,''ਟੀਮ ਕਾਂਗਰਸ ਕਰਨਾਟਕ ਦੇ ਲੋਕਾਂ ਦੀ ਤਰੱਕੀ, ਕਲਿਆਣ ਅਤੇ ਸਮਾਜਿਕ ਨਿਆਂ ਲਈ ਵਚਨਬੱਧ ਹੈ। ਕਾਂਗਰਸ ਮੁਖੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ 6.5 ਕਰੋੜ ਕੰਨੜ ਲੋਕਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਪਾਰਟੀ 5 ਗਾਰੰਟੀਆਂ ਲਾਗੂ ਕਰੇਗੀ। ਦੱਸਣਯੋਗ ਹੈ ਕਿ ਹਾਲ ਹੀ 'ਚ ਸੰਪੰਨ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ 224 ਮੈਂਬਰੀ ਵਿਧਾਨ ਸਭਾ 'ਚ 135 ਸੀਟਾਂ ਜਿੱਤੀਆਂ, ਜਦੋਂ ਕਿ ਸੱਤਾਧਾਰੀ ਭਾਜਪਾ 65 ਸੀਟਾਂ 'ਤੇ ਸਿਮਟ ਕੇ ਰਹਿ ਗਈ।
ਕੀ ਸਚਿਨ ਪਾਇਲਟ ਨੂੰ ਸਲਾਹ ਦੇ ਰਹੇ ਹਨ ਪ੍ਰਸ਼ਾਂਤ ਕਿਸ਼ੋਰ?
NEXT STORY