ਨਵੀਂ ਦਿੱਲੀ, (ਭਾਸ਼ਾ)- ਜੇਕਰ ਮੋਬਾਈਲ ਫੋਨ ਯੂਜ਼ਰ ਦੇ ਨਾਂ ’ਤੇ ਖਰੀਦੇ ਗਏ ਸਿਮ ਕਾਰਡ ਦੀ ਵਰਤੋਂ ਸਾਈਬਰ ਧੋਖਾਦੇਹੀ ਜਾਂ ਕਿਸੇ ਗ਼ੈਰ-ਕਾਨੂੰਨੀ ਸਰਗਰਮੀਆਂ ’ਚ ਹੁੰਦੀ ਹੈ, ਤਾਂ ਉਸ ਦੇ ਲਈ ਮੂਲ ਗਾਹਕ ਨੂੰ ਵੀ ਕਾਨੂੰਨੀ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਸੋਮਵਾਰ ਨੂੰ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।
ਦੂਰਸੰਚਾਰ ਵਿਭਾਗ ਨੇ ਕਿਹਾ ਕਿ ਮੋਬਾਈਲ ਫੋਨ ਦੇ ਵਿਸ਼ੇਸ਼ ਪਛਾਣ ਨੰਬਰ ਆਈ. ਐੱਮ. ਈ. ਆਈ. ’ਚ ਛੇੜਛਾੜ ਵਾਲੇ ਯੰਤਰਾਂ ਦੀ ਵਰਤੋਂ, ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਸਿਮ ਲੈਣਾ ਜਾਂ ਦੂਸਰਿਆਂ ਨੂੰ ਸਿਮ ਸੌਂਪਣਾ ਗੰਭੀਰ ਉਲੰਘਣਾ ਹੈ ਅਤੇ ਇਸ ਦੇ ਬੁਰੇ ਨਤੀਜੇ ਮੂਲ ਗਾਹਕ ’ਤੇ ਵੀ ਲਾਗੂ ਹੋਣਗੇ।
ਇਸ ਦੇ ਨਾਲ ਹੀ ਦੂਰਸੰਚਾਰ ਵਿਭਾਗ ਨੇ ਗਾਹਕਾਂ ਨੂੰ ਕਾਲਿੰਗ ਲਾਈਨ ਆਇਡੈਂਟਿਟੀ (ਸੀ. ਐੱਲ. ਆਈ.) ਜਾਂ ਪਛਾਣ ਬਦਲਣ ਵਾਲੇ ਦੂਜੇ ਐਪ ਅਤੇ ਵੈੱਬਸਾਈਟ ਦੀ ਵਰਤੋਂ ਨਾ ਕਰਨ ਦੀ ਹਿਦਾਇਤ ਵੀ ਦਿੱਤੀ ਹੈ।
3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਹੋ ਸਕਦਾ ਹੈ ਜੁਰਮਾਨਾ
ਬਿਆਨ ਮੁਤਾਬਕ ਦੂਰਸੰਚਾਰ ਕਾਨੂੰਨ, 2023 ਦੇ ਤਹਿਤ ਮੋਬਾਈਲ ਯੂਜ਼ਰ ਦੀ ਪਛਾਣ ’ਚ ਮਦਦਗਾਰ ਆਈ. ਐੱਮ. ਈ. ਆਈ. ਅਤੇ ਹੋਰ ਤਰੀਕਿਆਂ ਨਾਲ ਛੇੜਛਾੜ ’ਤੇ 3 ਸਾਲ ਤੱਕ ਦੀ ਕੈਦ ਅਤੇ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦੂਰਸੰਚਾਰ (ਦੂਰਸੰਚਾਰ ਸਾਈਬਰ ਸੁਰੱਖਿਆ) ਨਿਯਮ, 2024 ਕਿਸੇ ਵੀ ਵਿਅਕਤੀ ਨੂੰ ਆਈ. ਐੱਮ. ਈ. ਆਈ. ਨੂੰ ਬਦਲਣ ਜਾਂ ਅਜਿਹੇ ਯੰਤਰਾਂ ਦੀ ਵਰਤੋਂ ਕਰਨ, ਉਤਪਾਦਨ ਕਰਨ ਜਾਂ ਰੱਖਣ ਤੋਂ ਰੋਕਦਾ ਹੈ, ਜਿਸ ’ਚ ਆਈ. ਐੱਮ. ਈ. ਆਈ. ਨੰਬਰ ’ਚ ਬਦਲਾਅ ਕੀਤਾ ਜਾ ਸਕਦਾ ਹੈ।
ਦੂਰਸੰਚਾਰ ਵਿਭਾਗ ਨੇ ਮੋਬਾਈਲ ਯੰਤਰਾਂ ਦੇ ਆਈ. ਐੱਮ. ਈ. ਆਈ. ਨੰਬਰ ਦੀ ਪੁਸ਼ਟੀ ‘ਸੰਚਾਰ ਸਾਥੀ’ ਪੋਰਟਲ ਜਾਂ ਐਪ ਰਾਹੀਂ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਹਾ, ‘‘ਸਰਕਾਰ ਨੇ ਦੂਰਸੰਚਾਰ ਸਾਧਨਾਂ ਦੀ ਗਲਤ ਵਰਤੋਂ ਰੋਕਣ ਅਤੇ ਸਾਰੇ ਨਾਗਰਿਕਾਂ ਲਈ ਇਕ ਸੁਰੱਖਿਅਤ ਦੂਰਸੰਚਾਰ ਈਕੋਸਿਸਟਮ ਤਿਆਰ ਕਰਨ ਲਈ ਸਖ਼ਤ ਬੰਦਿਸ਼ਾਂ ਲਾਈਆਂ ਹਨ।’’
ਛੱਤੀਸਗੜ੍ਹ ’ਚ 15 ਨਕਸਲੀਆਂ ਨੇ ਕੀਤਾ ਆਤਮਸਮਰਪਣ
NEXT STORY