ਨਵੀਂ ਦਿੱਲੀ— ਸਿੱਖਾਂ ਨੇ ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਮਨੁੱਖਤਾ ਦੀ ਸੇਵਾ ਕਰਨ 'ਚ ਸਿੱਖ ਮੋਹਰੀ ਰਹਿੰਦੇ ਹਨ। ਚਾਹੇ ਗੱਲ ਹੜ੍ਹ ਪ੍ਰਭਾਵਿਤ ਮਨੁੱਖਾਂ ਦੀ ਹੋਵੇ ਜਾਂ ਕੋਰੋਨਾ ਕਾਲ ਦੀ, ਸਿੱਖਾਂ ਨੇ ਮੋਹਰੇ ਹੋ ਕੇ ਹਰ ਔਖੀ ਘੜੀ ਵਿਚ ਮਨੁੱਖਤਾ ਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਇਹ ਗੱਲ ਕਿਸੇ ਤੋਂ ਲੁਕਾਈ ਨਹੀਂ ਜਾ ਸਕਦੀ ਕਿ ਹਰ ਕੋਈ ਸਿੱਖਾਂ ਦਾ ਧੰਨਵਾਦ ਕਰਦਾ ਨਹੀਂ ਥੱਕਦਾ। ਦੁਨੀਆ ਦੇ ਕੋਨੇ-ਕੋਨੇ 'ਚ ਰਹਿੰਦੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ। ਪਰ ਸਾਡੇ ਸਮਾਜ ਵਿਚ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਵੀ ਹਨ, ਜੋ ਕਿ ਸਿੱਖਾਂ ਦੇ ਅਕਸ ਨੂੰ ਖਰਾਬ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਤਾਜ਼ਾ ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਅਧਿਆਪਕਾ ਨੇ ਸਿੱਖ ਧਰਮ ਨੂੰ ਅਪਮਾਨਤ ਕੀਤਾ ਹੈ। ਅਧਿਆਪਕਾ ਵਲੋਂ ਸਿੱਖਾਂ ਲਈ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਇਸ ਨੂੰ ਸੋਸ਼ਲ ਮੀਡੀਆ ਫੇਸਬੁੱਕ 'ਤੇ ਪੋਸਟ ਕੀਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ 'ਤੇ ਟਵੀਟ ਕੀਤਾ- ਅਰਚਨਾ ਸ਼ਾਸਤਰੀ ਜੀ ਇਤਿਹਾਸ ਵਿਚ ਕਮਜ਼ੋਰ ਹੈ ਪਰ ਨਫ਼ਰਤ ਫੈਲਾਉਣ ਵਿਚ ਅੱਗੇ। ਚਾਹੇ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਹੋਵੇ ਜਾਂ ਚਾਰ ਸਾਹਿਬਜ਼ਾਦਿਆਂ ਦੀ, ਲੰਗਰ ਨਾਲ ਭੁੱਖਿਆਂ ਨੂੰ ਖਾਣਾ ਖੁਆਉਣਾ ਹੋਵੇ ਜਾਂ ਬਾਰਡਰ 'ਤੇ ਦੁਸ਼ਮਣਾਂ ਨੂੰ ਹਰਾਉਣਾ। ਸਿੱਖ ਮਨੁੱਖਤਾ ਅਤੇ ਦੇਸ਼ ਸੇਵਾ ਦੀ ਮਿਸਾਲ ਹਨ। ਸਿਰਸਾ ਨੇ ਅੱਗੇ ਕਿਹਾ ਕਿ ਅਰਚਨਾ ਸ਼ਾਸਤਰੀ ਜੋ ਕਿ ਇਕ ਅਧਿਆਪਕਾ ਹੈ, ਉਸ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਸਾਂਝੀ ਕੀਤੀ ਹੈ। ਉਸ ਨੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਕਾਰਦੇ ਹੋਏ ਸਿੱਖਾਂ ਲਈ ਬੇਹੱਦ ਸ਼ਰਮਨਾਕ ਅਤੇ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ। ਸਿੱਖ ਵਿਰੋਧੀ ਇਸ ਪੋਸਟ ਬਾਰੇ ਗੰਭੀਰ ਨੋਟਿਸ ਲੈਂਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਬੰਧਤ ਪੁਲਸ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰ ਕੇ ਅਰਚਨਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
ਅਧਿਆਪਕਾ ਨੇ ਜੋ ਭੱਦੀ ਸ਼ਬਦਾਵਲੀ ਲਿਖੀ ਗਈ ਹੈ, ਉਸ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਖਤ ਸ਼ਬਦਾਂ 'ਚ ਨਿੰਦਿਆ ਕੀਤੀ ਹੈ। ਉਨ੍ਹਾਂ ਨੇ ਬਕਾਇਦਾ ਆਪਣੇ ਫੇਸਬੁੱਕ ਅਤੇ ਟਵਿੱਟਰ ਪੇਜ਼ 'ਤੇ ਇਸ ਵਾਇਰਲ ਪੋਸਟ ਨੂੰ ਸ਼ੇਅਰ ਕਰਦਿਆਂ ਇਸ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਇਸ ਬਾਬਤ ਦਿੱਲੀ ਪੁਲਸ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਿਕਾਇਤ ਕੀਤੀ ਹੈ ਅਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਅਧਿਆਪਕਾ ਨੂੰ ਤੁਰੰਤ ਕੱਢਿਆ ਜਾਣਾ ਚਾਹੀਦਾ ਹੈ। ਸਰਕਾਰ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭੜਕਾਉਣ ਨੂੰ ਬਰਦਾਸ਼ਤ ਨਹੀਂ ਕਰੇਗੀ।
ਨਨ ਨਾਲ ਰੇਪ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਰੱਦ, ਗੈਰ-ਜ਼ਮਾਨਤੀ ਵਾਰੰਟ ਜਾਰੀ
NEXT STORY