ਸਸਤੀ ਅਤੇ ਸੁਵਿਧਾਜਨਕ ਹੋਣ ਦੇ ਕਾਰਨ ਭਾਰਤ ਦੇ ਜ਼ਿਆਦਾਤਰ ਲੋਕ ਰੇਲਗੱਡੀ ਰਾਹੀਂ ਯਾਤਰਾ ਕਰਨਾ ਹੀ ਪਸੰਦ ਕਰਦੇ ਹਨ। ਭਾਰਤੀ ਰੇਲਵੇ ਦੀਆਂ ਰੇਲਗੱਡੀਆਂ ’ਚ ਲੋਕਲ ਸੀਟਾਂ ਤੋਂ ਲੈ ਕੇ ਪਰਸਨਲ ਏ. ਸੀ. ਕੈਬਿਨ ਤੱਕ ਦੀਆਂ ਸਹੂਲਤਾਂ ਮਿਲਦੀਆਂ ਹਨ ਅਤੇ ਥੋੜ੍ਹੀ ਮਹਿੰਗੀ ਟਿਕਟ ਲੈ ਕੇ ਪ੍ਰੀਮੀਅਮ ਸਹੂਲਤਾਂ ਵਾਲੀਆਂ ਰੇਲਗੱਡੀਆਂ ’ਚ ਯਾਤਰਾ ਕੀਤੀ ਜਾ ਸਕਦੀ ਹੈ।
ਦੂਜੇ ਪਾਸੇ ਜਨਰਲ ਡੱਬਿਆਂ ’ਚ ਕਿਰਾਇਆ ਘੱਟ ਲੱਗਦਾ ਹੈ ਪਰ ਇਸ ਦੇ ਬਾਵਜੂਦ ਅਨੇਕ ਲੋਕ ਟਿਕਟ ਲੈਣ ਦੀ ਬਜਾਏ ਬਿਨਾਂ ਟਿਕਟ ਯਾਤਰਾ ਕਰਦੇ ਹਨ। ਬਿਨਾਂ ਟਿਕਟ ਯਾਤਰੀਆਂ ਦੀ ਸਭ ਤੋਂ ਵੱਧ ਗਿਣਤੀ ਅਕਸਰ ਉੱਤਰ, ਮੱਧ ਅਤੇ ਪੱਛਮੀ ਰੇਲਵੇ ਦੀਆਂ ਉਪਨਗਰੀ ਅਤੇ ਲੰਬੀ ਦੂਰੀ ਦੀਆਂ ਟ੍ਰੇਨਾਂ ’ਚ ਦੇਖੀ ਜਾਂਦੀ ਹੈ।
ਕੁਝ ਸਮੇਂ ਪਹਿਲਾਂ ਸਾਬਕਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਲੋਕ ਸਭਾ ’ਚ ਦੱਸਿਆ ਸੀ ਕਿ ਸਾਲ 2023-24 ਦੌਰਾਨ ਲਗਭਗ 2.16 ਕਰੋੜ ਯਾਤਰੀਆਂ ਨੂੰ ਬਿਨਾਂ ਟਿਕਟ ਯਾਤਰਾ ਕਰਦੇ ਹੋਏ ਫੜ ਕੇ ਉਨ੍ਹਾਂ ਤੋਂ ਲਗਭਗ 562.40 ਕਰੋੜ ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਸੀ।
ਇਸੇ ਤਰ੍ਹਾਂ ਰੇਲਵੇ ਨੇ ਵਿੱਤੀ ਸਾਲ 2024-25 ਦੌਰਾਨ 5 ਲੱਖ ਤੋਂ ਵੱਧ ਟਿਕਟ ਚੈਕਿੰਗ ਮੁਹਿੰਮਾਂ ਚਲਾਈਆਂ ਜਿਨ੍ਹਾਂ ’ਚ ਬਿਨਾਂ ਟਿਕਟ ਯਾਤਰਾ ਦੇ 3.61 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ ਦੋਸ਼ੀਆਂ ਤੋਂ 1781 ਕਰੋੜ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।
ਇਸੇ ਸਿਲਸਿਲੇ ’ਚ ਪੰਜਾਬ ’ਚ ਫਿਰੋਜ਼ਪੁਰ ਡਵੀਜ਼ਨ ਦੇ ਟਿਕਟ ਚੈਕਿੰਗ ਸਟਾਫ ਵਲੋਂ ਰੇਲਗੱਡੀਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਨਿਯਮਿਤ ਜਾਂਚ ਦੇ ਕਾਰਨ ਹਰ ਮਹੀਨੇ ਵੱਡੀ ਗਿਣਤੀ ਬਿਨਾਂ ਟਿਕਟ ਯਾਤਰਾ ਕਰਨ ਵਾਲੇ ਅਤੇ ਗੰਦਗੀ ਫੈਲਾਉਣ ਵਾਲੇ ਯਾਤਰੀਆਂ ਨੂੰ ਫੜ ਕੇ ਉਨ੍ਹਾਂ ਤੋਂ ਜੁਰਮਾਨਾ ਵਸੂਲ ਕੀਤਾ ਜਾ ਰਿਹਾ ਹੈ।
‘ਫਿਰੋਜ਼ਪੁਰ ਡਵੀਜ਼ਨ’ ’ਚ ਅਕਤੂਬਰ 2025 ’ਚ ਬਿਨਾਂ ਟਿਕਟ ਯਾਤਰਾ ਕਰਨ ਵਾਲਿਆਂ ਤੋਂ 2.82 ਕਰੋੜ ਰੁਪਏ ਜੁਰਮਾਨਾ ਵਸੂਲ ਕੀਤਾ ਿਗਆ ਜੋ ਪਿਛਲੇ ਸਾਲ ਇਸੇ ਮਹੀਨੇ ’ਚ ਵਸੂਲ ਕੀਤੇ ਗਏ ਜੁਰਮਾਨੇ ਤੋਂ 39 ਫੀਸਦੀ ਵੱਧ ਅਤੇ ਮੁੱਖ ਦਫਤਰ ਵਲੋਂ ਨਿਰਧਾਰਿਤ ਟੀਚੇ ਤੋਂ 11 ਫੀਸਦੀ ਵੱਧ ਸੀ।
ਇਸ ਤੋਂ ਇਲਾਵਾ ਨਵੰਬਰ 2025 ’ਚ 3.16 ਕਰੋੜ ਰੁਪਏ, ਦਸੰਬਰ 2025 ’ਚ 2.56 ਕਰੋੜ ਰੁਪਏ ਅਤੇ ਜਨਵਰੀ 2026 ’ਚ 2.52 ਕਰੋੜ ਰੁਪਏ ਅਤੇ ਫਰਵਰੀ 2026 ’ਚ 2.51 ਕਰੋੜ ਰੁਪਏ ਜੁਰਮਾਨਾ ਵਸੂਲ ਕੀਤਾ ਿਗਆ, ਜੋ ਪਿਛਲੇ ਸਾਲ ਇਸੇ ਮਹੀਨੇ ਵਸੂਲ ਕੀਤੇ ਗਏ 1.94 ਕਰੋੜ ਰੁਪਏ ਦੀ ਤੁਲਨਾ ’ਚ 29 ਫੀਸਦੀ ਵੱਧ ਹੈ।
ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਕੰਪਲੈਕਸਾਂ ’ਚ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਵੀ ‘ਐਂਟੀ-ਲਿਟਰਿੰਗ ਐਕਟ’ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
‘ਐਂਟੀ-ਲਿਟਰਿੰਗ ਐਕਟ’ ਅਧੀਨ ਰੇਲਵੇ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਵਾਲਿਆਂ ਤੋਂ ਅਕਤੂਬਰ 2025 ’ਚ 80,000 ਰੁਪਏ, ਨਵੰਬਰ 2025 ’ਚ 64,000 ਰੁਪਏ, ਦਸੰਬਰ 2025 ’ਚ 65,000 ਰੁਪਏ, ਜਨਵਰੀ 2026 ’ਚ 72,000 ਰੁਪਏ ਅਤੇ ਫਰਵਰੀ 2026 ’ਚ 57,000 ਰੁਪਏ ਜੁਰਮਾਨਾ ਵਸੂਲ ਕੀਤਾ ਿਗਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਟਿਕਟ ਯਾਤਰਾ ’ਤੇ ਰੋਕ ਲਗਾਉਣ, ਯਾਤਰੀਆਂ ’ਚ ਨਿਯਮਾਂ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਸਟੇਸ਼ਨ ਕੰਪਲੈਕਸ ਨੂੰ ਸਾਫ-ਸੁਥਰਾ ਬਣਾਈ ਰੱਖਣ ਦੇ ਉਦੇਸ਼ ਨਾਲ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।
ਗੰਦਗੀ ਫੈਲਾਉਣ ਵਾਲਿਆਂ ਨੂੰ ਸਾਫ-ਸਫਾਈ ਪ੍ਰਤੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਭਵਿੱਖ ’ਚ ਇਸ ਸੰਬੰਧ ’ਚ ਵਿਸ਼ੇਸ਼ ਧਿਆਨ ਰੱਖਣ।
ਇਹ ਤਾਂ ਸਿਰਫ ਰੇਲਵੇ ਦੇ ਇਕ ਡਵੀਜ਼ਨ ’ਚ ਬਿਨਾਂ ਟਿਕਟ ਯਾਤਰੀਆਂ ਅਤੇ ਗੰਦਗੀ ਫੈਲਾਉਣ ਵਾਲੇ ਯਾਤਰੀਆਂ ਵਿਰੁੱਧ ਚਲਾਈ ਗਈ ਮੁਹਿੰਮ ਤੋਂ ਹਾਸਲ ਕੀਤੀ ਗਈ ਰਾਸ਼ੀ ਹੈ, ਜਦਕਿ ਰੇਲਵੇ ’ਚ ਇਸ ਤੋਂ ਇਲਾਵਾ 69 ਡਵੀਜ਼ਨਾਂ ਹੋਰ ਹਨ।
ਇਸ ਲਈ ਸਾਰੀਆਂ ਰੇਲ ਡਵੀਜ਼ਨਾਂ ’ਚ ਬਿਨਾਂ ਯਾਤਰਾ ਕਰਨ ਵਾਲੇ ਅਤੇ ਗੰਦਗੀ ਫੈਲਾਉਣ ਵਾਲੇ ਯਾਤਰੀਆਂ ਤੋਂ ਸਖਤੀ ਨਾਲ ਜੁਰਮਾਨਾ ਵਸੂਲ ਕਰ ਕੇ ਇਸ ਰਾਸ਼ੀ ਦੀ ਵਰਤੋਂ ਰੇਲਵੇ ਸਟੇਸ਼ਨਾਂ ’ਤੇ ਬੁਨਿਆਦੀ ਸਹੂਲਤਾਂ ਵਧਾਉਣ ਲਈ ਕੀਤੀ ਜਾਣੀ ਚਾਹੀਦੀ ਹੈ।
ਜੇਕਰ ਇਹ ਰਾਸ਼ੀ ਰੇਲਵੇ ਸਟੇਸ਼ਨਾਂ ਦੀ ਸਾਫ-ਸਫਾਈ, ਬੈਠਣ ਦੀ ਵਿਵਸਥਾ, ਵੇਟਿੰਗ ਏਰੀਆ, ਪੀਣ ਵਾਲੇ ਪਾਣੀ ਅਤੇ ਯਾਤਰੀ ਸਹੂਲਤਾਂ ’ਤੇ ਖਰਚ ਕੀਤੀ ਜਾਵੇ ਤਾਂ ਯਾਤਰੀਆਂ ਨੂੰ ਕਾਫੀ ਲਾਭ ਮਿਲ ਸਕਦਾ ਹੈ।
ਇਸ ਲਈ ਰੇਲਾਂ ’ਚ ਬਿਨਾਂ ਟਿਕਟ ਯਾਤਰਾ ਕਰਨ ਅਤੇ ਗੰਦਗੀ ਫੈਲਾਉਣ ਵਾਲਿਆਂ ਵਿਰੁੱਧ ਮੁਹਿੰਮ ਹੋਰ ਤੇਜ਼ ਕਰਨ ਦੀ ਤੁਰੰਤ ਲੋੜ ਹੈ। ਸਫਾਈ ਵਧਣ ਨਾਲ ਯਾਤਰੀਆਂ ਨੂੰ ਵੀ ਰੇਲਵੇ ਸਟੇਸ਼ਨਾਂ ’ਤੇ ਜਾਣਾ ਜ਼ਿਆਦਾ ਚੰਗਾ ਲੱਗੇਗਾ।
–ਵਿਜੇ ਕੁਮਾਰ
ਵਿਕਸਿਤ ਭਾਰਤ ਦੇ ਸੁਪਨੇ ’ਚ ਹਕੀਕਤ ਦੇ ਰੰਗ ਭਰਦਾ ‘ਗੁਜਰਾਤ’
NEXT STORY