ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਦੇਸ਼ ਦੀ ਸਥਿਤੀ ਬੇਹੱਦ ਗੰਭੀਰ ਹੋ ਗਈ ਹੈ। ਇਸ ਲਈ ਹਾਲਾਤ ਨੂੰ ਕੰਟਰੋਲ ਕਰਨ ਲਈ ਤੁਰੰਤ ਸਾਰੇ ਦਲਾਂ ਦੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ। ਸੋਨੀਆ ਨੇ ਮੋਦੀ ਸਰਕਾਰ 'ਤੇ ਕੋਰੋਨਾ ਵਾਇਰਸ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਹਟਣ ਅਤੇ ਜਨਤਾ ਨੂੰ ਨਿਰਾਸ਼ ਕਰਨ ਦਾ ਦੋਸ਼ ਲਗਾਇਆ। ਸੋਨੀਆ ਨੇ ਸ਼ੁੱਕਰਵਾਰ ਨੂੰ ਇੱਥੇ ਵੀਡੀਓ ਕਾਨਫਰੈਂਸਿੰਗ ਰਾਹੀਂ ਕਾਂਗਰਸ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਭਿਆਨਕ ਰੂਪ ਦੇ ਸਾਹਮਣੇ ਵਿਵਸਥਾ ਚਰਮਰਾ ਗਈ ਹੈ ਅਤੇ ਸਰਕਾਰ ਸਥਿਤੀ ਨਾਲ ਨਜਿੱਠਣ 'ਚ ਸਫ਼ਲ ਨਹੀਂ ਹੋ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਹਾਮਾਰੀ ਨਾਲ ਨਜਿੱਠਣ ਲਈ ਸਾਰੇ ਦਲਾਂ ਦੀ ਬੈਠਕ ਬੁਲਾਈ ਜਾਣੀ ਚਾਹੀਦੀ ਹੈ ਅਤੇ ਕੋਰੋਨਾ ਤੋਂ ਕਿਵੇਂ ਮੁਕਤੀ ਮਿਲੇ, ਇਸ ਬਾਰੇ ਸਾਰਿਆਂ ਦੀ ਰਾਏ ਲੈਣੀ ਚਾਹੀਦੀ ਹੈ, ਕਿਉਂਕਿ ਮਹਾਮਾਰੀ ਨਾਲ ਹੁਣ ਜੋ ਸਥਿਤੀ ਪੈਦਾ ਹੋ ਗਈ ਹੈ, ਉਸ ਨਾਲ ਸਮੂਹਕ ਰੂਪ ਨਾਲ ਹੀ ਨਜਿੱਠਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਦੇ ਨਵੇਂ ਰੂਪਾਂ ਨੇ ਭਾਰਤ ’ਚ ਵੰਡਿਆ ਆਪਣਾ-ਆਪਣਾ ਇਲਾਕਾ, ਸਭ ਤੋਂ ਭਿਆਨਕ ਹੈ ਇਹ 'ਵੇਰੀਐਂਟ'
ਸੋਨੀਆ ਨੇ ਕਿਹਾ ਕਿ ਇਸ ਮਹਾਮਾਰੀ ਦਾ ਮੁਕਾਬਲਾ ਸਮੂਹਕ ਰੂਪ ਨਾਲ ਕੀਤਾ ਜਾ ਸਕਦਾ ਹੈ, ਇਸ ਲਈ ਠੋਸ ਰਣਨੀਤੀ ਅਪਣਾਉਣ ਲਈ ਅਤੇ ਸਮੂਹਕ ਰੂਪ ਨਾਲ ਕਦਮ ਚੁੱਕਣ ਲਈ ਸੰਸਦ ਦੀ ਸਥਾਈ ਕਮੇਟੀ ਦੀ ਬੈਠਕ ਵੀ ਬੁਲਾਈ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਲੈ ਕੇ ਜੋ ਹਾਲਾਤ ਪੈਦਾ ਹੋਏ ਹਨ, ਉਸ ਨੂੰ ਲੈ ਕੇ ਸੰਸਦ ਦੀ ਸਿਹਤ ਮੰਤਰਾਲਾ ਨਾਲ ਸੰਬੰਧਤ ਸਥਾਈ ਕਮੇਟੀ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਪਰ ਸਰਕਾਰ ਨੇ ਕਮੇਟੀ ਦੀ ਚਿਤਾਵਨੀ ਨੂੰ ਨਜ਼ਰਅੰਦਾਜ ਕੀਤਾ, ਜਿਸ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਨੇ ਵੀ ਮਹਾਮਾਰੀ ਨਾਲ ਲੜਨ ਲਈ ਆਕਸੀਜਨ, ਦਵਾਈਆਂ ਅਤੇ ਵੈਂਟੀਲੇਟਰ ਦੀ ਪੂਰੀ ਸਪਲਾਈ ਜਾਰੀ ਰੱਖਣ ਦੀ ਸਰਕਾਰ ਨੂੰ ਰਾਏ ਦਿੱਤੀ ਸੀ ਪਰ ਮੋਦੀ ਸਰਕਾਰ ਨੇ ਮਾਹਿਰਾਂ ਦੀ ਰਾਏ ਨੂੰ ਵੀ ਅਣਸੁਣਾ ਕਰ ਦਿੱਤਾ। ਸੋਨੀਆ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਵੀ ਕੋਈ ਰਣਨੀਤੀ ਨਹੀਂ ਬਣਾਈ ਹੈ। ਸੰਸਦ ਨੇ ਕੇਂਦਰੀ ਬਜਟ 'ਚ ਨਾਗਰਿਕਾਂ ਦੇ ਮੁਫ਼ਤ ਟੀਕਾਕਰਨ ਲਈ 35 ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਹੈ ਪਰ ਸਰਕਾਰ ਹੁਣ ਵੀ ਸੂਬਿਆਂ 'ਤੇ ਕੋਰੋਨਾ ਨਾਲ ਜੁੜੇ ਭਾਰ ਨੂੰ ਪਾ ਰਹੀ ਹੈ ਅਤੇ ਉਸ ਨੂੰ ਘੱਟ ਕਰਨ ਲਈ ਕੋਈ ਉਪਾਅ ਨਹੀਂ ਕਰ ਰਹੀ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ
SC ਦੀ ਕੇਂਦਰ ਨੂੰ ਫਟਕਾਰ: ਕਿਹਾ- ਦਿੱਲੀ ਨੂੰ ਰੋਜ਼ ਦਿਓ 700 MT ਆਕਸੀਜਨ, ਸਾਨੂੰ ਸਖ਼ਤੀ ’ਤੇ ਮਜ਼ਬੂਰ ਨਾ ਕਰੋ
NEXT STORY