ਨਵੀਂ ਦਿੱਲੀ- ਪੂਰੀ ਦੁਨੀਆ ਵਿਚ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਦਹਿਸ਼ਤ ਫੈਲੀ ਹੋਈ ਹੈ ਤੇ ਵੱਡੀਆਂ-ਵੱਡੀਆਂ ਸਰਕਾਰਾਂ ਇਸ ਦੇ ਸਾਹਮਣੇ ਬੇਵੱਸ ਨਜ਼ਰ ਆ ਰਹੀਆਂ ਹਨ ਪਰ ਸਾਲ 1918 ਵਿਚ ਇਕ ਵਾਇਰਸ ਨੇ ਇਸ ਤੋਂ ਵੀ ਭਿਆਨਕ ਤਬਾਹੀ ਮਚਾਈ ਸੀ। ਇਸ ਭਿਆਨਕਕ ਮਹਾਮਾਰੀ ਨੂੰ ਉਸ ਵੇਲੇ ਨਾਂ ਦਿੱਤਾ ਗਿਆ 'ਸਪੈਨਿਸ਼ ਫਲੂ'।
ਕਰੋੜਾਂ ਲੋਕ ਹੋਏ ਪ੍ਰਭਾਵਿਤ
ਸਪੈਨਿਸ਼ ਫਲੂ ਨਾਂ ਦੀ ਇਸ ਮਹਾਮਾਰੀ ਕਾਰਣ ਦੁਨੀਆ ਭਰ ਦੇ ਤਕਰੀਬਨ 50 ਕਰੋੜ ਲੋਕ ਇਨਫੈਕਟਡ ਹੋਏ ਸਨ ਤੇ ਤਕਰੀਬਨ 2 ਕਰੋੜ ਤੋਂ ਵਧੇਰੇ ਲੋਕਾਂ ਨੇ ਆਪਣੀ ਜਾਨ ਗੁਆਈ ਸੀ ਤੇ ਇਹ ਗਿਣਤੀ ਪਹਿਲੇ ਵਿਸ਼ਵ ਯੁੱਧ ਵਿਚ ਮਾਰੇ ਗਏ ਫੌਜੀਆਂ ਤੇ ਆਮ ਨਾਗਰਿਕਾਂ ਤੋਂ ਵੀ ਕਿਤੇ ਜ਼ਿਆਦਾ ਹੈ। ਇਸ ਮਹਾਮਾਰੀ ਨੇ ਹਾਲਾਂਕਿ ਦੋ ਸਾਲਾਂ ਤੱਕ ਕਹਿਰ ਵਰ੍ਹਾਇਆ ਸੀ ਪਰ ਵਧੇਰੇ ਮੌਤਾਂ 1918 ਦੇ ਤਿੰਨ ਮਹੀਨਿਆਂ ਵਿਚਾਲੇ ਹੋਈਆਂ ਸਨ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਸਪੈਨਿਸ਼ ਫਲੂ ਦੇ ਦੂਜੇ ਦੌਰ ਵਿਚ ਮਚੀ ਇਸ ਵਿਅਪਕ ਤਬਾਹੀ ਦਾ ਕਾਰਣ ਜੰਗ ਵੇਲੇ ਫੌਜੀਆਂ ਦੀ ਆਵਾਜਾਈ ਸੀ, ਜਿਸ ਦੌਰਾਨ ਦੁਨੀਆ ਵਿਚ ਫੈਲ ਚੁੱਕੇ ਵਾਇਰਸ ਨੇ ਭਿਆਨਕ ਤਬਾਹੀ ਮਚਾਈ।
ਜਾਰੀ ਕੀਤੀ ਗਈ ਸੀ ਮੌਜੂਦਾ ਸਮੇਂ ਜਿਹੀ ਐਡਵਾਇਜ਼ਰੀ
ਜਦੋਂ ਸਪੈਨਿਸ਼ ਫਲੂ ਪਹਿਲੀ ਵਾਰ ਮਾਰਚ 1918 ਵਿਚ ਸਾਹਮਣੇ ਆਇਆ ਸੀ ਤਾਂ ਇਸ ਵਿਚ ਮੌਸਮੀ ਫਲੂ ਦੇ ਸਾਰੇ ਲੱਛਣ ਮੌਜੂਦ ਸਨ ਤੇ ਨਾਲ ਹੀ ਇਹ ਸਭ ਤੋਂ ਵਧੇਰੇ ਇਨਫੈਕਟਡ ਤੇ ਤੇਜ਼ੀ ਨਾਲ ਫੈਲਣ ਵਾਲਾ ਸੀ। ਇੰਨਾਂ ਹੀ ਨਹੀਂ 1918 ਵਿਚ ਜਦੋਂ ਇਹ ਮਹਾਮਾਰੀ ਭਿਆਨਕ ਰੂਪ ਧਾਰ ਗਈ ਤਾਂ ਉਸ ਵੇਲੇ ਸਿਹਤ ਅਧਿਕਾਰੀਆਂ ਨੇ ਵੀ ਮੌਜੂਦਾ ਸਮੇਂ ਜਿਹੀ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ ਕਰਦਿਆਂ ਕਿਸੇ ਥਾਂ ਇਕੱਠੇ ਹੋਣ 'ਤੇ ਪਾਬੰਦੀ ਲਾ ਦਿੱਤੀ ਸੀ ਤੇ ਲੋਕਾਂ ਨੂੰ ਹਿਦਾਇਤ ਜਾਰੀ ਕੀਤੀ ਸੀ ਕਿ ਜੇਕਰ ਉਹਨਾਂ ਨੂੰ ਖੰਘ, ਛਿੱਕਾਂ ਜਾਂ ਬੁਖਾਰ ਹੈ ਤਾਂ ਉਹ ਆਪਣੇ ਘਰਾਂ ਵਿਚ ਰਹਿਣ ਤੇ ਸਿਹਤ ਪੂਰੀ ਤਰ੍ਹਾਂ ਠੀਕ ਹੋਣ ਤੱਕ ਆਪਣੇ ਘਰਾਂ ਵਿਚੋਂ ਬਾਹਰ ਨਾ ਨਿਕਲਣ।
ਅਮਰੀਕੀ ਫੌਜ ਦਾ ਰਸੋਈਆ ਹੋਇਆ ਪ੍ਰਭਾਵਿਤ
ਇਸ ਨਾਲ ਸਭ ਤੋਂ ਪਹਿਲਾਂ ਇਨਫੈਕਟਡ ਹੋਣ ਵਾਲਿਆਂ ਵਿਚ ਕੈਂਸਾਸ ਦੇ ਕੈਂਪ ਫਿਊਸਟਨ ਵਿਚ ਅਮਰੀਕੀ ਫੌਜ ਦੇ ਇਕ ਰਸੋਈਆ ਅਲਬਰਟ ਗਿਚੇਲ ਸ਼ਾਮਲ ਸੀ, ਜਿਸ ਨੂੰ 104 ਡਿਗਰੀ ਬੁਖਾਰ ਦੇ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਹ ਵਾਇਰਸ ਫੌਜੀ ਸਿਖਲਾਈ ਕੈਂਪਾਂ ਤੋਂ ਹੁੰਦਾ ਹੋਇਆ ਤਕਰੀਬਨ 54,000 ਫੌਜੀਆਂ ਵਿਚ ਫੈਲ ਗਿਆ। ਮਹੀਨੇ ਦੇ ਅਖੀਰ ਤੱਕ 1,100 ਫੌਜੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ 38 ਫੌਜੀਆਂ ਦੀ ਮੌਤ ਨਿਮੋਨੀਆ ਦੇ ਲੱਛਣਾਂ ਤੋਂ ਬਾਅਦ ਹੋ ਗਈ।
ਜੰਗਲ ਦੀ ਅੱਗ ਵਾਂਗ ਫੈਲਿਆ ਵਾਇਰਸ
ਅਮਰੀਕੀ ਫੌਜ ਨੂੰ ਜੰਗ ਦੇ ਲਈ ਯੂਰਪ ਤਾਇਨਾਤ ਕੀਤਾ ਗਿਆ ਸੀ, ਉਹ ਲੋਕ ਆਪਣੇ ਨਾਲ ਇਸ ਮਹਾਮਾਰੀ ਨੂੰ ਵੀ ਲੈ ਗਏ। ਵਾਇਰਸ ਇੰਗਲੈਂਡ, ਫਰਾਂਸ, ਸਪੇਨ ਤੇ ਇਟਲੀ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਿਆ। ਇਕ ਅੰਦਾਜ਼ੇ ਮੁਤਾਬਕ 1918 ਦੀ ਬਸੰਤ ਵਿਚ ਫਰਾਂਸੀਸੀ ਫੌਜ ਦੇ ਇਕ ਚੌਥਾਈ ਫੌਜੀ ਇਸ ਵਾਇਰਸ ਨਾਲ ਇਨਫੈਕਟਡ ਹੋ ਗਏ ਸਨ ਤੇ ਅੱਧੇ ਤੋਂ ਵਧੇਰੇ ਬ੍ਰਿਟੇਨ ਦੇ ਫੌਜੀ ਵੀ ਇਸ ਮਹਾਮਾਰੀ ਨਾਲ ਇਨਫੈਕਟਡ ਹੋ ਗਏ। ਖੁਸ਼ਕਿਸਮਤੀ ਨਾਲ ਵਾਇਰਸ ਦਾ ਪਹਿਲਾ ਦੌਰ ਉਨਾਂ ਖਤਰਨਾਕ ਨਹੀਂ ਸੀ, ਜਿਸ ਵਿਚ ਬੁਖਾਰ ਤੇ ਬੇਚੈਨੀ ਤਿੰਨ ਦਿਨ ਤੱਕ ਰਹਿੰਦੀ ਸੀ ਤੇ ਇਸ ਦੀ ਮੌਤ ਦਰ ਮੌਸਮੀ ਫਲੂ ਜਿੰਨੀ ਹੀ ਸੀ।
ਕਿਵੇਂ ਪਿਆ ਨਾਂ 'ਸਪੈਨਿਸ਼ ਫਲੂ'
ਇਸ ਵਾਇਰਸ ਦਾ ਨਾਂ ਸਪੈਨਿਸ਼ ਫਲੂ ਪੈਣ ਦੇ ਪਿੱਛੇ ਵੀ ਇਕ ਬਹੁਤ ਰੋਚਕ ਘਟਨਾ ਹੈ। ਸਪੇਨ ਤੇ ਇਸ ਦੇ ਗੁਆਂਢੀ ਯੂਰਪੀ ਦੇਸ਼ ਵੀ ਪਹਿਲੇ ਵਿਸ਼ਵ ਯੁੱਧ ਦੌਰਾਨ ਪੂਰੀ ਤਰ੍ਹਾਂ ਨਾਲ ਨਿਰਪੱਖ ਸਨ ਤੇ ਪ੍ਰੈੱਸ 'ਤੇ ਸੈਂਸਰਸ਼ਿਪ ਨਹੀਂ ਲਾਈ ਗਈ ਸੀ। ਉਥੇ ਹੀ ਇਸ ਦੇ ਉਲਟ ਫਰਾਂਸ, ਇੰਗਲੈਂਡ ਤੇ ਅਮਰੀਕਾ ਵਿਚ ਖਬਰਾਂ 'ਤੇ ਪਾਬੰਦੀ ਸੀ ਤੇ ਉਹ ਅਜਿਹੀਆਂ ਚੀਜ਼ਾਂ ਛਾਪਣ ਨਹੀਂ ਦੇਣਾ ਚਾਹੁੰਦੇ ਸਨ ਜਿਸ ਨਾਲ ਜੰਗ ਦੌਰਾਨ ਫੌਜੀਆਂ ਦਾ ਮਨੋਬਲ ਡਿੱਗੇ। ਉਥੇ ਹੀ ਸਪੈਨਿਸ਼ ਅਖਬਾਰ ਲਗਾਤਾਰ ਇਸ ਦੀ ਰਿਪੋਰਟਿੰਗ ਕਰਦੇ ਰਹੇ ਤੇ ਉਥੋਂ ਹੀ ਇਸ ਦਾ ਨਾਂ ਸਪੈਨਿਸ਼ ਫਲੂ ਪੈ ਗਿਆ।
ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ
1918 ਦੀਆਂ ਗਰਮੀਆਂ ਵਿਚ ਸਪੈਨਿਸ਼ ਫਲੂ ਦੇ ਮਾਮਲਿਆਂ ਵਿਚ ਕਮੀ ਆਉਣ ਲੱਗੀ ਸੀ ਤੇ ਅਜਿਹੀ ਉਮੀਦ ਸੀ ਕਿ ਅਗਸਤ ਦੀ ਸ਼ੁਰੂਆਤ ਵਿਚ ਵਾਇਰਸ ਦਾ ਅਸਰ ਖਤਮ ਹੋ ਜਾਵੇਗਾ ਪਰ ਇਹ ਸਿਰਫ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ। ਇਸੇ ਸਮੇਂ ਦੌਰਾਨ ਯੂਰਪ ਵਿਚ ਸਪੈਨਿਸ਼ ਫਲੂ ਦਾ ਮੁੜ ਫੈਲਾਅ ਸ਼ੁਰੂ ਹੋਇਆ, ਜਿਸ ਵਿਚ ਕਿਸੇ ਵੀ ਨੌਜਵਾਨ ਪੁਰਸ਼ ਜਾਂ ਮਹਿਲਾ ਨੂੰ ਮਾਰਨ ਦੀ ਘਾਤਕ ਸਮਰਥਾ ਸੀ। ਇਸ ਵਾਇਰਸ ਦੌਰਾਨ ਮਹਾਮਾਰੀ ਦਾ ਪਤਾ ਲੱਗਣ ਦੇ 24 ਘੰਟਿਆਂ ਅੰਦਰ ਪੀੜਤਾਂ ਦੀ ਮੌਤ ਹੋ ਰਹੀ ਸੀ।
ਤਿੰਨ ਮਹੀਨਿਆਂ ਵਿਚ ਮੌਤ ਦਰ ਵਿਚ ਹੋਇਆ ਜ਼ਬਰਦਸਤ ਵਾਧਾ
1918 ਵਿਚ ਸਤੰਬਰ ਤੋਂ ਨਵੰਬਰ ਤੱਕ ਸਪੈਨਿਸ਼ ਫਲੂ ਕਾਰਣ ਮਰਨ ਵਾਲਿਆਂ ਦੀ ਗਿਣਤੀ ਵਿਚ ਜ਼ਬਰਦਸਤ ਵਾਧਾ ਹੋਇਆ। ਅਮਰੀਕਾ ਵਿਚ ਹੀ ਇਕੱਲੇ ਅਕਤੂਬਰ ਮਹੀਨੇ ਇਸ ਮਹਾਮਾਰੀ ਕਾਰਨ ਤਕਰੀਬਨ 2 ਲੱਖ ਲੋਕਾਂ ਦੀ ਮੌਤ ਹੋ ਗਈ। ਇਕ ਆਮ ਮੌਸਮੀ ਫਲੂ ਦੇ ਮੁਕਾਬਲੇ ਸਪੈਨਿਸ਼ ਫਲੂ ਦੇ ਦੂਜੇ ਦੌਰ ਵਿਚ ਨੌਜਵਾਨਾਂ ਤੇ ਬਜ਼ੁਰਗਾਂ ਦੇ ਨਾਲ-ਨਾਲ ਸਿਹਤਮੰਦ ਉਮਰ (25-35) ਦੇ ਲੋਕਾਂ ਦੀ ਵੀ ਮੌਤ ਹੋਈ।
ਉਸ ਵੇਲੇ ਇਹ ਹੈਰਾਨੀਜਨਕ ਨਹੀਂ ਸੀ ਕਿ ਸਿਹਤਮੰਦ ਪੁਰਸ਼ ਤੇ ਮਹਿਲਾਵਾਂ ਮਰ ਰਹੀਆਂ ਸਨ, ਬਲਕਿ ਇਸ ਮਹਾਮਾਰੀ ਕਾਰਣ ਲੋਕਾਂ ਦਾ ਮਰਨਾ ਹੈਰਾਨੀਜਨਕ ਸੀ। ਲੋਕ ਤੇਜ਼ ਬੁਖਾਰ, ਨਿਮੋਨੀਆ ਤੇ ਆਪਣੇ ਫੇਫੜਿਆਂ ਵਿਚ ਪਾਣੀ ਭਰ ਜਾਣ ਕਾਰਨ ਮਾਰੇ ਜਾ ਰਹੇ ਸਨ। ਦਸੰਬਰ 1918 ਆਉਂਦੇ-ਆਉਂਦੇ ਸਪੈਨਿਸ਼ ਫਲੂ ਦੇ ਦੂਜੇ ਦੌਰ ਦੀ ਸਮਾਪਤੀ ਹੋਈ ਪਰ ਮਹਾਮਾਰੀ ਦੀ ਸਮਾਪਤੀ ਅਜੇ ਹੋਰ ਜ਼ਿੰਦਗੀਆਂ ਲੈਣ ਵਾਲੀ ਸੀ। ਇਸ ਦਾ ਤੀਜਾ ਦੌਰ ਜਨਵਰੀ 1919 ਵਿਚ ਆਸਟਰੇਲੀਆ ਵਿਚ ਸ਼ੁਰੂ ਹੋਇਆ ਤੇ ਇਸ ਦੌਰ ਵਿਚ ਵੀ ਮਹਾਮਾਰੀ ਨੇ ਭਿਆਨਕ ਤਬਾਹੀ ਮਚਾਈ।
ਆਫਤ ਦੀ ਇਸ ਘੜੀ 'ਚ ਬਾਜ ਨਹੀਂ ਆ ਰਿਹੈ ਪਾਕਿਸਤਾਨ, ਗੋਲੀਬਾਰੀ 'ਚ 2 ਜਵਾਨ ਜ਼ਖਮੀ
NEXT STORY