ਗੋਰਖਪੁਰ, (ਏਜੰਸੀ)-ਉੱਤਰ ਪ੍ਰਦੇਸ਼ ਦੇ ਗੋਰਖਪੁਰ ’ਚ ਬੁੱਧਵਾਰ ਸ਼ਾਮ ਡੰਪਰ ਦੀ ਲਪੇਟ ’ਚ ਆਉਣ ਨਾਲ 9ਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਭੜਕੇ ਪਿੰਡ ਵਾਸੀਆਂ ਨੇ ਵਾਹਨ ਨੂੰ ਅੱਗ ਲਗਾ ਦਿੱਤੀ ਅਤੇ ਲਾਸ਼ ਸੜਕ ’ਤੇ ਰੱਖ ਕੇ ਰੋਸ ਮੁਜ਼ਾਹਰਾ ਕੀਤਾ, ਜਿਸ ਨਾਲ ਗੋਰਖਪੁਰ-ਮਹਾਰਾਜਗੰਜ ਫੋਰਲੇਨ ’ਚ ਲੱਗਭਗ 2 ਘੰਟੇ ਜਾਮ ਰਿਹਾ।
ਜਾਣਕਾਰੀ ਅਨੁਸਾਰ ਘਟਨਾ ਗੁਲਰਿਹਾ ਥਾਣਾ ਖੇਤਰ ’ਚ ਨਾਹਰਪੁਰ ਦੇ ਕੋਲ ਵਾਪਰੀ। ਲੰਗੜੀ ਗੁਲਰਿਹਾ ਨਿਵਾਸੀ ਟੈਰਾਕੋਟਾ ਦਸਤਕਾਰੀ ਦੇ ਕਾਰੀਗਰ ਰਾਜੇਸ਼ ਪ੍ਰਜਾਪਤੀ ਦਾ ਇਕਲੌਤਾ ਪੁੱਤਰ ਆਦਿੱਤਿਆ ਸਾਵਿਤਰੀ ਪਬਲਿਕ ਸਕੂਲ ’ਚ 9ਵੀਂ ਜਮਾਤ ’ਚ ਪੜ੍ਹਦਾ ਸੀ। ਬੁੱਧਵਾਰ ਸ਼ਾਮ ਲੱਗਭਗ 5 ਵਜੇ ਉਹ ਸਾਈਕਲ ’ਤੇ ਟਿਊਸ਼ਨ ਪੜ੍ਹਨ ਜਾ ਰਿਹਾ ਸੀ। ਘਰ ਤੋਂ ਲੱਗਭਗ 200 ਮੀਟਰ ਦੂਰ ਗਲਤ ਸਾਈਡ ਤੋਂ ਆ ਰਹੇ ਡੰਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਵਿਦਿਆਰਥੀ ਡੰਪਰ ਦੇ ਪਹੀਏ ’ਚ ਫਸ ਗਿਆ ਅਤੇ ਚਾਲਕ ਉਸ ਨੂੰ ਲੱਗਭਗ 200 ਮੀਟਰ ਤੱਕ ਘੜੀਸਦਾ ਲੈ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਵਾਹਨ ਛੱਡ ਕੇ ਫਰਾਰ ਹੋ ਗਿਆ। ਘਟਨਾ ਤੋਂ ਭੜਕੇ ਪਿੰਡ ਵਾਸੀਆਂ ਨੇ ਵਾਹਨ ਨੂੰ ਅੱਗ ਲਗਾ ਦਿੱਤੀ ਅਤੇ ਲਾਸ਼ ਸੜਕ ’ਤੇ ਰੱਖ ਕੇ ਕਾਰਵਾਈ ਦੀ ਮੰਗ ਕਰਨ ਲੱਗੇ। ਪਰਿਵਾਰ ਵਾਲਿਆਂ ਨੇ ਮੁਲਜ਼ਮ ਵਾਹਨ ਚਾਲਕ ’ਤੇ ਕਾਰਵਾਈ ਦੇ ਨਾਲ ਇਕ ਕਰੋੜ ਰੁਪਏ ਮੁਆਵਜ਼ਾ ਅਤੇ ਪਿਤਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ।
ਪ੍ਰਯਾਗਰਾਜ ’ਚ 40 ਪੁਲਸ ਮੁਲਾਜ਼ਮ ਲਾਈਨ ਹਾਜ਼ਰ, ਜਾਣੋ ਮਾਮਲਾ
NEXT STORY