ਬਲੀਆ— ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੀ ਨੇਹਾ ਸਿੰਘ ਨੇ ਕੁਦਰਤੀ ਰੰਗਾਂ ਨਾਲ ਭਗਵਦ ਗੀਤਾ ’ਤੇ ਆਧਾਰਿਤ ‘ਮੋਕਸ਼ ਦੇ ਦਰੱਖ਼ਤ’ ਦੀ ਪੇਂਟਿੰਗ ਤਿਆਰ ਕਰ ਕੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ’ਚ ਆਪਣਾ ਨਾਂ ਦਰਜ ਕਰਵਾਇਆ ਹੈ। ਨੇਹਾ ਸਿੰਘ ਜ਼ਿਲ੍ਹੇ ਦੀ ਇਕਲੌਤੀ ਧੀ ਹੈ, ਜਿਸ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਐਤਵਾਰ ਯਾਨੀ ਕਿ ਅੱਜ ਜ਼ਿਲ੍ਹਾ ਅਧਿਕਾਰੀ ਸ਼੍ਰੀਹਰੀ ਪ੍ਰਤਾਪ ਨੇ ਨੇਹਾ ਸਿੰਘ ਨੂੰ ਸਰਟੀਫ਼ਿਕੇਟ ਦੇ ਕੇ ਉਸ ਦੀ ਹੌਂਸਲਾ ਅਫਜਾਈ ਕੀਤੀ। ਨੇਹਾ ਸਿੰਘ ਨੇ ਦੁਨੀਆ ਦੀ ਸਭ ਤੋਂ ਵੱਡੀ 67 ਵਰਗ ਮੀਟਰ ਦੀ ਪੇਂਟਿੰਗ ਤਿਆਰ ਕੀਤੀ ਹੈ। ਨੇਹਾ 16 ਲੱਖ ਮੋਤੀਆਂ ਨਾਲ ਭਾਰਤ ਦਾ ਨਕਸ਼ਾ ਅਤੇ ਉਂਗਲੀਆਂ ਦੇ ਨਿਸ਼ਾਨ ਨਾਲ ਹਨੂੰਮਾਨ ਚਾਲੀਸਾ ਵੀ ਲਿਖ ਚੁੱਕੀ ਹੈ। ਨੇਹਾ ਹੁਣ ‘ਬੇਟੀ ਬਚਾਓ, ਬੇਟੀ ਪੜ੍ਹਾਓ’ ’ਤੇ ਇਕ ਨਵਾਂ ਰਿਕਾਰਡ ਬਣਾਉਣ ਦੀ ਤਿਆਰੀ ਵਿਚ ਹੈ।
ਦੱਸ ਦੇਈਏ ਕਿ ਨੇਹਾ ਸਿੰਘ ਰਸੜਾ ਪਿੰਡ ਦੀ ਰਹਿਣ ਵਾਲੀ ਹੈ। ਉਹ ਮੌਜੂਦਾ ਸਮੇਂ ਵਿਚ ਕਾਸ਼ੀ ਹਿੰਦੂ ਯੂਨੀਵਰਸਿਟੀ ਦੇ ਵੈਦਿਕ ਵਿਗਿਆਨ ਕੇਂਦਰ ’ਚ ਅਧਿਐਨ ਕਰ ਰਹੀ ਹੈ। ਕੋਰੋਨਾ ਆਫ਼ਤ ਵਿਚ ਜਦੋਂ ਤਾਲਾਬੰਦੀ ਦਾ ਐਲਾਨ ਹੋਇਆ ਤਾਂ ਉਹ ਆਪਣੇ ਘਰ ਬਲੀਆ ਚਲੀ ਗਈ ਸੀ। ਅੱਜ-ਕੱਲ੍ਹ ਉਸ ਦਾ ਸਮਾਂ ਮੋਹ-ਮਾਇਆ ਤੋਂ ਦੂਰ ਵੈਦਿਕ ਵਿਗਿਆਨ, ਉਪਨਿਸ਼ਦ, ਭਗਵਦ ਗੀਤਾ, ਭਾਰਤੀ ਸੱਭਿਆਚਾਰ ਆਦਿ ਵਿਸ਼ਿਆਂ ’ਚ ਲਗਾਤਾਰ ਸ਼ੋਧ ਅਤੇ ਅਧਿਐਨ ਕਰਨ ’ਚ ਬਤੀਤ ਹੁੰਦਾ ਹੈ। ਨੇਹਾ ਇਸ ਚਿੱਤਰਕਾਰੀ ਦੀ ਤਿਆਰੀ ਇਕ ਸਾਲ ਤੋਂ ਕਰ ਰਹੀ ਹੈ।
ਨੇਹਾ ਨੇ ਦੱਸਿਆ ਕਿ ਘਰ ਬੈਠ ਕੇ ਕੁਦਰਤੀ ਰੰਗਾਂ ਨੂੰ ਤਿਆਰ ਕੀਤਾ। ਇਸ ਤੋਂ ਬਾਅਦ ਪੇਂਟਿੰਗ ਬਣਾਈ ਹੈ। ਇਸ ਦਾ ਆਕਾਰ 67 ਵਰਗ ਮੀਟਰ ਹੈ। ਇਸ ’ਚ ਭਗਵਦ ਗੀਤਾ ਦੇ 18 ਅਧਿਆਏ, ਦਰੱਖਤ ਦੀਆਂ 18 ਸ਼ਾਖਾਵਾਂ ’ਚ ਅਤੇ ਇਕ-ਇਕ ਸ਼ਾਖਾਵਾਂ ’ਚ 1 ਤੋਂ 18 ਪੱਤਿਆਂ ਦਾ ਵਰਣਨ ਕਰ ਕੇ ਉੱਪਰ ਕਮਲ ਅਤੇ ਓਮ ਨਾਲ ਮੋਕਸ਼ ਪ੍ਰਾਪਤੀ ਦਾ ਸੁੰਦਰ ਚਿੱਤਰ ਪੇਸ਼ ਕੀਤਾ ਗਿਆ ਹੈ।
ਅਯੁੱਧਿਆ ’ਚ ਬਣਨ ਵਾਲੀ ਮਸਜਿਦ ਦੀ ਪਹਿਲੀ ਝਲਕ, ਤਸਵੀਰਾਂ ਦੀ ਜ਼ੁਬਾਨੀ
NEXT STORY