ਭਿਵਾਨੀ- ਸੁਪਰੀਮ ਕੋਰਟ ਦੇ ਇਕ ਤਾਜ਼ਾ ਫੈਸਲੇ ਤੋਂ ਬਾਅਦ ਅਰਾਵਲੀ ਪਰਬਤ ਮਾਲਾ ਨੂੰ ਬਚਾਉਣ ਲਈ ਜਿੱਥੇ ਲੋਕ ਸੜਕਾਂ 'ਤੇ ਉਤਰ ਰਹੇ ਹਨ, ਉੱਥੇ ਹੀ ਇਸ ਕੁਦਰਤੀ ਵਿਰਾਸਤ ਦੀ ਬੇਰਹਿਮੀ ਨਾਲ ਕੀਤੀ ਜਾ ਰਹੀ ਤਬਾਹੀ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਖਾਨਕ ਪਿੰਡ 'ਚ ਹਾਲਾਤ ਇੰਨੇ ਖ਼ਰਾਬ ਹਨ ਕਿ ਇਹ ਇਲਾਕਾ ਕਿਸੇ ਫ਼ਿਲਮੀ ਸੈੱਟ ਵਾਂਗ ਜਾਪਦਾ ਹੈ।
ਪਿੰਡ 'ਚ 'KGF' ਵਰਗੇ ਹਾਲਾਤ
ਤੋਸ਼ਾਮ ਵਿਧਾਨ ਸਭਾ ਹਲਕੇ ਦੇ 4 ਕਿਲੋਮੀਟਰ 'ਚ ਫੈਲੇ ਇਸ ਛੋਟੇ ਜਿਹੇ ਪਿੰਡ 'ਚ ਹਰ 100 ਕਦਮਾਂ 'ਤੇ 300 ਕਰੱਸ਼ਰ ਮਸ਼ੀਨਾਂ ਪਹਾੜੀਆਂ ਨੂੰ ਖੋਦ ਰਹੀਆਂ ਹਨ। ਇੱਥੇ 150 ਮਾਈਨਿੰਗ ਸਾਈਟਾਂ ਹਨ, ਜਿੱਥੇ ਹਰ ਵੇਲੇ 500 ਤੋਂ ਵੱਧ ਡੰਪਰ ਮੌਜੂਦ ਰਹਿੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਫ਼ਿਲਮ 'ਕੇਜੀਐਫ' (KGF) ਦੀ ਸ਼ੂਟਿੰਗ ਸਾਈਟ 'ਤੇ ਹੋਵੋ।
ਘਰਾਂ 'ਚ ਤਰੇੜਾਂ ਅਤੇ ਲੋਕਾਂ ਦਾ ਦਰਦ
ਪਿੰਡ ਦੇ ਸਰਪੰਚ ਸੰਜੇ ਕੁਮਾਰ ਗਰੋਵਰ ਅਨੁਸਾਰ, ਪਿੰਡ ਦੇ 1500 ਘਰਾਂ ਦੀਆਂ ਕੰਧਾਂ 'ਚ ਤਰੇੜਾਂ ਪੈ ਚੁੱਕੀਆਂ ਹਨ ਜਾਂ ਉਨ੍ਹਾਂ ਦਾ ਪਲਾਸਟਰ ਉੱਤਰ ਰਿਹਾ ਹੈ। ਮਾਈਨਿੰਗ ਦੌਰਾਨ ਹੋਣ ਵਾਲੇ ਧਮਾਕਿਆਂ (ਬਲਾਸਟਿੰਗ) ਕਾਰਨ ਬੱਚਿਆਂ ਦੇ ਦਿਲ-ਦਿਮਾਗ 'ਤੇ ਬੁਰਾ ਅਸਰ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ 10 ਹਜ਼ਾਰ ਦੀ ਆਬਾਦੀ ਵਾਲੇ ਇਸ ਇਲਾਕੇ 'ਚ 20 ਪੈਟਰੋਲ ਪੰਪ ਚੱਲ ਰਹੇ ਹਨ। ਸਮਾਜਿਕ ਕਾਰਕੁਨ ਅਸ਼ੋਕ ਮਲਿਕ ਅਨੁਸਾਰ, ਸਿਰਫ਼ ਉਹੀ ਪਹਾੜ ਬਚੇ ਹਨ ਜਿਨ੍ਹਾਂ 'ਚ ਭਗਵਾਨ ਦਾ ਵਾਸ ਮੰਨਿਆ ਜਾਂਦਾ ਹੈ, ਬਾਕੀ ਸਭ ਮਾਈਨਿੰਗ ਦੀ ਭੇਟ ਚੜ੍ਹ ਚੁੱਕੇ ਹਨ।
ਨਿਯਮਾਂ ਦੀ ਉਲੰਘਣਾ
500 ਫੁੱਟ ਡੂੰਘੀਆਂ ਖੱਡਾਂ ਤੋਸ਼ਾਮ ਦੇ ਯੁਵਾ ਕਲਿਆਣ ਸੰਗਠਨ ਦੇ ਪ੍ਰਧਾਨ ਕਮਲ ਪ੍ਰਧਾਨ ਨੇ ਦੱਸਿਆ ਕਿ ਕਈ ਥਾਵਾਂ 'ਤੇ ਅਰਾਵਲੀ ਨੂੰ 500 ਫੁੱਟ ਡੂੰਘਾਈ ਤੱਕ ਖੋਦ ਦਿੱਤਾ ਗਿਆ ਹੈ, ਜਦਕਿ ਨਿਯਮਾਂ ਮੁਤਾਬਕ ਇਕ ਇੰਚ ਵੀ ਖੁਦਾਈ ਦੀ ਇਜਾਜ਼ਤ ਨਹੀਂ ਸੀ। ਸਾਲ 2022-23 'ਚ ਕੁਝ ਖਾਣਾਂ ਉਦੋਂ ਬੰਦ ਹੋਈਆਂ ਜਦੋਂ ਮਜ਼ਦੂਰ ਦੱਬ ਕੇ ਮਰ ਗਏ ਸਨ। ਜ਼ਿਕਰਯੋਗ ਹੈ ਕਿ ਇਸ ਇਲਾਕੇ 'ਚ ਮਾਈਨਿੰਗ ਦਾ ਕੰਮ 1996 'ਚ ਬੰਸ਼ੀਲਾਲ ਸਰਕਾਰ ਦੌਰਾਨ ਸ਼ੁਰੂ ਹੋਇਆ ਸੀ।
ਉੱਤਰੀ ਭਾਰਤ ਲਈ ਖ਼ਤਰੇ ਦੀ ਘੰਟੀ
'ਪੀਪਲ ਫਾਰ ਅਰਾਵਲੀ' ਦੀ ਮੈਂਬਰ ਨੀਲਮ ਅਹਲੂਵਾਲੀਆ ਮੁਤਾਬਕ ਅਰਾਵਲੀ ਸਿਰਫ਼ ਪਹਾੜ ਨਹੀਂ, ਸਗੋਂ ਥਾਰ ਮਾਰੂਥਲ ਅਤੇ ਉੱਤਰੀ ਭਾਰਤ ਦੇ ਮੈਦਾਨਾਂ ਵਿਚਕਾਰ ਇਕ ਕੁਦਰਤੀ ਕੰਧ ਹੈ। ਜੇਕਰ ਇਹ ਖ਼ਤਮ ਹੋ ਗਈ ਤਾਂ:
- ਦਿੱਲੀ-NCR 'ਚ ਹਮੇਸ਼ਾ ਧੁੰਦ (Smog) ਰਹੇਗੀ ਅਤੇ ਪ੍ਰਦੂਸ਼ਣ (PM 10 ਅਤੇ PM 2.5) ਤੇਜ਼ੀ ਨਾਲ ਵਧੇਗਾ।
- ਰੇਗਿਸਤਾਨ ਫੈਲ ਕੇ ਹਰਿਆਣਾ, ਗੁਜਰਾਤ ਅਤੇ ਦਿੱਲੀ ਤੱਕ ਪਹੁੰਚ ਜਾਵੇਗਾ।
- ਇਹ ਪਰਬਤਮਾਲਾ ਪ੍ਰਤੀ ਹੈਕਟੇਅਰ 20 ਲੱਖ ਲੀਟਰ ਜ਼ਮੀਨੀ ਪਾਣੀ ਨੂੰ ਰੀਚਾਰਜ ਕਰਨ ਦੀ ਸਮਰੱਥਾ ਰੱਖਦੀ ਹੈ।
- ਇਸ ਦੇ ਖ਼ਤਮ ਹੋਣ ਨਾਲ ਹਰਿਆਣਾ-ਰਾਜਸਥਾਨ 'ਚ ਅਕਾਲ ਪੈ ਸਕਦਾ ਹੈ ਅਤੇ ਕੁਦਰਤੀ ਕੂਲਿੰਗ ਸਿਸਟਮ ਤਬਾਹ ਹੋ ਜਾਵੇਗਾ।
- ਤੇਂਦੁਏ, ਸਿਆਰ ਅਤੇ ਬਘਿਆੜ ਵਰਗੇ ਜੀਵ-ਜੰਤੂ ਲੁਪਤ ਹੋ ਜਾਣਗੇ ਅਤੇ ਬਨਾਸ, ਲੂਣੀ ਤੇ ਸਾਹਿਬੀ ਵਰਗੀਆਂ ਨਦੀਆਂ ਸੁੱਕ ਜਾਣਗੀਆਂ।
ਹਿਮਾਚਲ: 'ਲੱਕੜ ਦਾ ਕਬਰਸਤਾਨ' ਬਣਿਆ ਚਮੇਰਾ ਡੈਮ, ਮੰਡਰਾਇਆ ਬਿਜਲੀ ਕਟੌਤੀ ਦਾ ਖ਼ਤਰਾ
NEXT STORY