ਨਵੀਂ ਦਿੱਲੀ (ਭਾਸ਼ਾ)– ਸੁਪਰੀਮ ਕੋਰਟ ਦੇ ਬੈਂਚ ਨੇ ਸ਼ੁੱਕਰਵਾਰ ਸਵੇਰੇ ਆਮ ਦਿਨ ਨਾਲੋਂ ਇਕ ਘੰਟਾ ਪਹਿਲਾਂ ਕੰਮ ਸ਼ੁਰੂ ਕਰ ਦਿੱਤਾ । ਜਸਟਿਸ ਯੂ. ਯੂ. ਲਲਿਤ ਨੇ ਕਿਹਾ ਕਿ ਜੇ ਬੱਚੇ ਸਵੇਰੇ 7 ਵਜੇ ਸਕੂਲ ਜਾ ਸਕਦੇ ਹਨ ਤਾਂ ਜੱਜ ਅਤੇ ਵਕੀਲ ਆਪਣਾ ਕੰਮ ਸਵੇਰੇ 9 ਵਜੇ ਕਿਉਂ ਸ਼ੁਰੂ ਨਹੀਂ ਕਰ ਸਕਦ?
ਜਸਟਿਸ ਯੂ. ਯੂ. ਲਲਿਤ, ਜਸਟਿਸ ਐੱਸ. ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਸਵੇਰੇ 10.30 ਵਜੇ ਆਮ ਸੁਣਵਾਈ ਦੇ ਮੁਕਾਬਲੇ 9.30 ਵਜੇ ਕੇਸਾਂ ਦੀ ਸੁਣਵਾਈ ਸ਼ੁਰੂ ਕੀਤੀ। ਜਸਟਿਸ ਲਲਿਤ ਅਗਲੇ ਚੀਫ਼ ਜਸਟਿਸ ਬਣਨ ਲਈ ਸੀਨੀਆਰਤਾ ’ਚ ਸਿਖਰ ’ਤੇ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਆਦਰਸ਼ਕ ਤੌਰ ’ਤੇ ਸਵੇਰੇ 9 ਵਜੇ ਕੰਮ ਲਈ ਬੈਠਣਾ ਚਾਹੀਦਾ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਜੇ ਬੱਚੇ ਸਵੇਰੇ ਸੱਤ ਵਜੇ ਸਕੂਲ ਜਾ ਸਕਦੇ ਹਨ ਤਾਂ ਅਸੀਂ ਸਵੇਰੇ ਨੌਂ ਵਜੇ ਕਿਉਂ ਨਹੀਂ ਆ ਸਕਦੇ? ਜਸਟਿਸ ਲਲਿਤ ਨੇ ਕਿਹਾ ਕਿ ਅਦਾਲਤਾਂ ਸਵੇਰੇ ਨੌਂ ਵਜੇ ਕੰਮ ਕਰਨਾ ਸ਼ੁਰੂ ਕਰ ਸਕਦੀਆਂ ਹਨ। 11.30 ਵਜੇ ਇੱਕ ਘੰਟੇ ਦੀ ਬ੍ਰੇਕ ਨਾਲ ਦੁਪਹਿਰ 2 ਵਜੇ ਤੱਕ ਦਿਨ ਦਾ ਕੰਮ ਖਤਮ ਕਰ ਸਕਦੀਆਂ ਹਨ। ਅਜਿਹਾ ਕਰਨ ਨਾਲ ਜੱਜਾਂ ਨੂੰ ਸ਼ਾਮ ਨੂੰ ਕੰਮ ਕਰਨ ਲਈ ਵਧੇਰੇ ਸਮਾਂ ਮਿਲੇਗਾ।
ਸੁਪਰੀਮ ਕੋਰਟ ਦੇ ਜੱਜ ਹਫ਼ਤੇ ਦੇ ਕੰਮਕਾਜੀ ਦਿਨਾਂ ਵਿੱਚ ਸਵੇਰੇ 10.30 ਤੋਂ ਸ਼ਾਮ 4 ਵਜੇ ਤੱਕ ਕੇਸਾਂ ਦੀ ਸੁਣਵਾਈ ਕਰਦੇ ਹਨ। ਚੀਫ਼ ਜਸਟਿਸ ਐੱਨ.ਵੀ. ਰੰਮਨਾ 26 ਅਗਸਤ ਨੂੰ ਸੇਵਾਮੁਕਤ ਹੋਣ ਵਾਲੇ ਹਨ। ਉਨ੍ਹਾਂ ਤੋਂ ਬਾਅਦ ਜਸਟਿਸ ਲਲਿਤ ਅਹੁਦਾ ਸੰਭਾਲਣਗੇ ਅਤੇ ਇਸ ਸਾਲ 8 ਨਵੰਬਰ ਤੱਕ ਚੀਫ ਜਸਟਿਸ ਰਹਿਣਗੇ।
‘ਗੈਰ-ਸੰਸਦੀ’ ਸ਼ਬਦਾਂ ’ਤੇ ਰੋਕ ਮਗਰੋਂ ਹੁਣ ਸੰਸਦ ਕੰਪਲੈਕਸ ’ਚ ਧਰਨੇ ਅਤੇ ਭੁੱਖ ਹੜਤਾਲ ’ਤੇ ਪਾਬੰਦੀ
NEXT STORY