ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਮਸ਼ਹੂਰ ਲੋਕ ਸਭਾ ਹਲਕਿਆਂ ਅਮੇਠੀ ਅਤੇ ਰਾਏਬਰੇਲੀ ’ਚ ਨਾਮਜ਼ਦਗੀ ਦੀ ਮਿਆਦ ਖਤਮ ਹੋਣ ’ਚ ਸਿਰਫ 3 ਦਿਨ ਬਚੇ ਹਨ ਪਰ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਇਸ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਨ੍ਹਾਂ ਦੋਵਾਂ ਸੀਟਾਂ ’ਤੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਚੋਣ ਲੜ ਸਕਦੇ ਹਨ। ਅਮੇਠੀ ਲੋਕ ਸਭਾ ਸੀਟ ਤੋਂ ਉਮੀਦਵਾਰ ਵਜੋਂ ਗਾਂਧੀ ਪਰਿਵਾਰ ਦੇ ਕਿਸੇ ਮੈਂਬਰ ਦੇ ਨਾਂ ਦਾ ਐਲਾਨ ਨਾ ਕੀਤੇ ਜਾਣ ਤੋਂ ਨਾਰਾਜ਼ ਕਾਂਗਰਸੀ ਵਰਕਰਾਂ ਨੇ ਅੱਜ ਗੌਰੀਗੰਜ ’ਚ ਸਥਿਤ ਕੇਂਦਰੀ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਅਮੇਠੀ ਅਤੇ ਰਾਏਬਰੇਲੀ ਤੋਂ ਉਮੀਦਵਾਰਾਂ ਦਾ ਫੈਸਲਾ ਕਰਨ ਦੇ ਆਖਰੀ ਪੜਾਅ ’ਤੇ ਹੈ ਅਤੇ ਨਾਵਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ।
ਅਮੇਠੀ ਅਤੇ ਰਾਏਬਰੇਲੀ ’ਚ ਨਾਮਜ਼ਦਗੀ ਪ੍ਰਕਿਰਿਆ 26 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 3 ਮਈ ਤੱਕ ਜਾਰੀ ਰਹੇਗੀ ਪਰ ਕਾਂਗਰਸ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਨੇ ਇਕ ਵਾਰ ਫਿਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਅਮੇਠੀ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਸਮ੍ਰਿਤੀ ਨੇ ਵੀ 29 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਭਾਜਪਾ ਨੇ ਅਜੇ ਤੱਕ ਰਾਏਬਰੇਲੀ ਤੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਦੇ ਉੱਤਰ ਪ੍ਰਦੇਸ਼ ਇੰਚਾਰਜ ਅਵਿਨਾਸ਼ ਪਾਂਡੇ ਅਤੇ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ ਨੇ ਹਾਲ ਹੀ ’ਚ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਲੀਡਰਸ਼ਿਪ ਨੂੰ ਅਪੀਲ ਕੀਤੀ ਸੀ ਕਿ ਰਾਹੁਲ ਗਾਂਧੀ ਨੂੰ ਅਮੇਠੀ ਤੋਂ ਚੋਣ ਲੜਨੀ ਚਾਹੀਦੀ ਹੈ ਅਤੇ ਪ੍ਰਿਅੰਕਾ ਗਾਂਧੀ ਵਢੇਰਾ ਨੂੰ ਰਾਏਬਰੇਲੀ ਤੋਂ ਚੋਣ ਲੜਨੀ ਚਾਹੀਦੀ ਹੈ। ਇਸ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ।
2004 ਤੋਂ 2019 ਤੱਕ ਅਮੇਠੀ ਤੋਂ ਸੰਸਦ ਮੈਂਬਰ ਰਹੇ ਹਨ ਰਾਹੁਲ
ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ, ਅਮੇਠੀ ਅਤੇ ਰਾਏਬਰੇਲੀ ਦੇ ਸਥਾਨਕ ਕਾਂਗਰਸ ਆਗੂਆਂ ਨੇ ਹਾਲ ਹੀ ’ਚ ਲੀਡਰਸ਼ਿਪ ਨੂੰ ਅਪੀਲ ਕੀਤੀ ਸੀ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਇਨ੍ਹਾਂ ਸੀਟਾਂ ਤੋਂ ਚੋਣ ਲੜਨੀ ਚਾਹੀਦੀ ਹੈ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਵਾਰ ਰਾਏਬਰੇਲੀ ਤੋਂ ਚੋਣ ਨਾ ਲੜਨ ਦਾ ਫੈਸਲਾ ਕੀਤਾ ਅਤੇ ਉਹ ਰਾਜਸਥਾਨ ਤੋਂ ਰਾਜ ਸਭਾ ਲਈ ਚੁਣੀ ਗਈ ਹੈ। ਉਨ੍ਹਾਂ ਨੇ ਦੋ ਦਹਾਕਿਆਂ ਤੱਕ ਰਾਏਬਰੇਲੀ ਸੰਸਦੀ ਹਲਕੇ ਦੀ ਨੁਮਾਇੰਦਗੀ ਕੀਤੀ। ਰਾਹੁਲ ਗਾਂਧੀ 2004 ਤੋਂ 2019 ਤੱਕ ਅਮੇਠੀ ਤੋਂ ਲੋਕ ਸਭਾ ਮੈਂਬਰ ਰਹੇ। ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੂਤਰਾਂ ਮੁਤਾਬਕ ਪ੍ਰਿਅੰਕਾ ਗਾਂਧੀ ਲੋਕ ਸਭਾ ਚੋਣਾਂ -2024 ਨਹੀਂ ਲੜੇਗੀ। ਉਨ੍ਹਾਂ ਦੇ ਰਾਏਬਰੇਲੀ ਸੀਟ ਤੋਂ ਲੜਨ ਦੀ ਸੰਭਾਵਨਾ ਸੀ। ਉਥੇ ਹੀ ਪਿਛਲੇ ਦਿਨੀਂ ਗਾਜ਼ੀਆਬਾਦ ’ਚ ਜਦੋਂ ਰਾਹੁਲ ਗਾਂਧੀ ਤੋਂ ਅਮੇਠੀ ਤੋਂ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਫੈਸਲਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ’ਚ ਲਿਆ ਜਾਵੇਗਾ।
ਆਸਮਾਨ 'ਚ ਉੱਡਦੇ ਜਹਾਜ਼ ਦਾ ਅਚਾਨਕ ਟੁੱਟਿਆ ਸ਼ੀਸ਼ਾ, ਕਰਾਉਣੀ ਪਈ ਐਮਰਜੈਂਸੀ ਲੈਂਡਿੰਗ
NEXT STORY