ਅਹਿਮਦਾਬਾਦ- ਅਹਿਮਦਾਬਾਦ ਵਿੱਚ ਲੋਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ 'ਤੇ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ ਦੀ ਇਮਾਰਤ ਵਿੱਚ ਨਮਾਜ਼ ਅਦਾ ਕਰਨ ਲਈ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ, ਜਿਨ੍ਹਾਂ ਵਿੱਚੋਂ ਦੋ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸ਼੍ਰੀਲੰਕਾ ਅਤੇ ਤਜ਼ਾਕਿਸਤਾਨ ਦੇ ਇਕ-ਇਕ ਵਿਦਿਆਰਥੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਕਮਿਸ਼ਨਰ ਜੀ.ਐੱਸ. ਮਲਿਕ ਨੇ ਕਿਹਾ ਕਿ 20 ਤੋਂ 25 ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਘਟਨਾ ਦੀ ਜਾਂਚ ਲਈ ਸੁਰੱਖਿਆ ਕਰਮਚਾਰੀਆਂ ਦੀਆਂ 9 ਟੀਮਾਂ ਬਣਾਈਆਂ ਗਈਆਂ ਹਨ। ਮਲਿਕ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਸ਼ਨੀਵਾਰ ਰਾਤ ਕਰੀਬ 10.50 ਵਜੇ ਮਿਲੀ ਜਦੋਂ ਗੁਜਰਾਤ ਯੂਨੀਵਰਸਿਟੀ ਦੇ ਹੋਸਟਲ 'ਚ ਕਰੀਬ 20-25 ਲੋਕ ਦਾਖਲ ਹੋਏ ਅਤੇ ਅਫਗਾਨਿਸਤਾਨ, ਉਜ਼ਬੇਕਿਸਤਾਨ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੇ ਹੋਸਟਲ 'ਚ ਨਮਾਜ਼ ਅਦਾ ਕਰਨ 'ਤੇ ਇਤਰਾਜ਼ ਕੀਤਾ।
ਉਨ੍ਹਾਂ ਦੱਸਿਆ ਕਿ ਗੁਜਰਾਤ ਯੂਨੀਵਰਸਿਟੀ ਵਿੱਚ ਅਫਗਾਨਿਸਤਾਨ, ਤਾਜਿਕਸਤਾਨ, ਸ੍ਰੀਲੰਕਾ ਅਤੇ ਅਫਰੀਕੀ ਦੇਸ਼ਾਂ ਦੇ ਵਿਦਿਆਰਥੀਆਂ ਸਮੇਤ 300 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀ ਰਜਿਸਟਰਡ ਹਨ। ਯੂਨੀਵਰਸਿਟੀ ਦੇ ਏ-ਬਲਾਕ ਹੋਸਟਲ ਵਿਚ ਜਿੱਥੇ ਇਹ ਘਟਨਾ ਵਾਪਰੀ, ਉਸ ਵਿਚ ਲਗਭਗ 75 ਅੰਤਰਰਾਸ਼ਟਰੀ ਵਿਦਿਆਰਥੀ ਰਹਿੰਦੇ ਹਨ। ਮਲਿਕ ਨੇ ਕਿਹਾ ਕਿ ਲਗਭਗ 20-25 ਲੋਕ ਹੋਸਟਲ ਦੇ ਅੰਦਰ ਦਾਖਲ ਹੋਏ ਅਤੇ ਉੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਮਾਜ਼ ਅਦਾ ਕਰਨ 'ਤੇ ਇਤਰਾਜ਼ ਕੀਤਾ ਅਤੇ ਉਨ੍ਹਾਂ ਨੂੰ ਮਸਜਿਦ 'ਚ ਨਮਾਜ਼ ਪੜ੍ਹਨ ਲਈ ਕਿਹਾ। ਉਨ੍ਹਾਂ ਦੀ ਇਸ ਮੁੱਦੇ 'ਤੇ ਬਹਿਸ ਹੋਈ ਅਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਪਥਰਾਅ ਕੀਤਾ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਰਾਤ 10:51 ਵਜੇ ਕੰਟਰੋਲ ਰੂਮ ਨੂੰ ਸੂਚਨਾ ਮਿਲਣ ਦੇ ਮਿੰਟਾਂ ਵਿੱਚ ਹੀ ਕਾਰਵਾਈ ਕੀਤੀ। ਪੁਲਸ ਵੈਨ ਮੌਕੇ ’ਤੇ ਪੁੱਜੀ ਅਤੇ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੋ ਵਿਦਿਆਰਥੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜੋ ਸ੍ਰੀਲੰਕਾ ਅਤੇ ਤਜ਼ਾਕਿਸਤਾਨ ਦੇ ਹਨ। ਮਲਿਕ ਨੇ ਕਿਹਾ ਕਿ 20-25 ਲੋਕਾਂ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਗਰਾਨੀ ਜੁਆਇੰਟ ਪੁਲਸ ਕਮਿਸ਼ਨਰ (ਅਪਰਾਧ) ਕਰਨਗੇ।
ਸਨਸਨੀਖੇਜ਼ ਵਾਰਦਾਤ: ਰੈਸਟੋਰੈਂਟ 'ਚ ਡੀਲਰ ਨੂੰ ਮਾਰੀਆਂ ਗੋਲ਼ੀਆਂ, ਫਿਰ ਦਾਤਰਾਂ ਨਾਲ ਕੀਤੇ ਵਾਰ
NEXT STORY