ਚੇਨਈ : ਲਾਪਰਵਾਹੀ ਜਾਂ ਗਲਤੀ ਕਾਰਨ ਕਈ ਵਾਰ ਜ਼ਰੂਰੀ ਵਸਤੂਆਂ ਕੂੜੇ ਦੇ ਢੇਰ 'ਚ ਪਹੁੰਚ ਜਾਂਦੀਆਂ ਹਨ। ਕਈ ਵਾਰ ਇਹ ਗਲਤੀਆਂ ਜਾਂ ਲਾਪਰਵਾਹੀ ਇੰਨੀਆਂ ਵੱਡੀਆਂ ਹੁੰਦੀਆਂ ਹਨ ਕਿ ਹੋਸ਼ ਉਡਾ ਦਿੰਦੀਆਂ ਹਨ। ਤਾਮਿਲਨਾਡੂ ਦੀ ਰਾਜਧਾਨੀ ਵਿੱਚ ਇੱਕ ਵਿਅਕਤੀ ਦੇ ਪਰਿਵਾਰ ਦੀ ਹਾਲਤ ਉਦੋਂ ਵਿਗੜ ਗਈ ਜਦੋਂ ਪਤਾ ਲੱਗਿਆ ਕਿ ਲੱਖਾਂ ਰੁਪਏ ਦਾ ਹਾਰ ਕੂੜੇ ਦੇ ਨਾਲ ਚਲਾ ਗਿਆ ਹੈ। ਇਸ ਤੋਂ ਬਾਅਦ ਪਰਿਵਾਰ ਦੇ ਮੁਖੀ ਨੇ ਹੀਰਿਆਂ ਦਾ ਹਾਰ ਲੱਭਣ ਲਈ ਸਫਾਈ ਕਰਮਚਾਰੀ ਤੋਂ ਮਦਦ ਮੰਗੀ।
ਜਾਣਕਾਰੀ ਮੁਤਾਬਕ ਇਹ ਘਟਨਾ ਵਿੰਡਸਰ ਪਾਰਕ ਅਪਾਰਟਮੈਂਟ, ਬੀਵੀ ਰਾਜਮੰਨਾਰ ਰੋਡ, ਵਿਰੁਗਮਬੱਕਮ, ਚੇਨਈ ਦੇ ਰਹਿਣ ਵਾਲੇ ਦੇਵਰਾਜ ਦੇ ਘਰ ਹੋਈ। ਧੀ ਦੇ ਵਿਆਹ ਲਈ ਪੰਜ ਲੱਖ ਦੀ ਕੀਮਤ ਦਾ ਹੀਰਿਆਂ ਦਾ ਹਾਰ ਖਰੀਦਿਆ ਗਿਆ ਸੀ। ਮਾਂ ਇਹ ਹਾਰ ਆਪਣੀ ਧੀ ਨੂੰ ਗਿਫਟ ਕਰਨਾ ਚਾਹੁੰਦੀ ਸੀ। ਹਾਲਾਂਕਿ, ਇੱਕ ਦਿਨ ਅਚਾਨਕ ਹੀਰੇ ਦਾ ਇਹ ਹਾਰ ਗਾਇਬ ਹੋ ਗਿਆ। ਹਾਰ ਦੀ ਪੂਰੇ ਘਰ ਵਿੱਚ ਭਾਲ ਕੀਤੀ ਗਈ ਪਰ ਉਹ ਕਿਧਰੇ ਨਹੀਂ ਮਿਲਿਆ।
ਅਜਿਹੇ 'ਚ ਪਰਿਵਾਰ ਵਾਲਿਆਂ ਨੇ ਸੋਚਿਆ ਕਿ ਸ਼ਾਇਦ ਹੀਰਿਆਂ ਦਾ ਹਾਰ ਕੂੜਾ ਦੇ ਨਾਲ ਘਰੋਂ ਬਾਹਰ ਚੱਲਿਆ ਗਿਆ। ਇਸ ਦੇ ਲਈ ਦੇਵਰਾਜ ਨੇ ਚੇਨਈ ਕਾਰਪੋਰੇਸ਼ਨ 'ਚ ਸਫਾਈ ਦਾ ਕੰਮ ਕਰਨ ਵਾਲੀ ਕੰਪਨੀ ਅਰਬਾਸ਼ੇਰ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਸਫ਼ਾਈ ਕਰਮਚਾਰੀ ਅਤੇ ਟਰੱਕ ਡਰਾਈਵਰ ਐਂਥਨੀ ਸਾਮੀ ਕੂੜੇ ਦੇ ਢੇਰ ਨੇੜੇ ਪੁੱਜੇ ਅਤੇ ਹੀਰਿਆਂ ਦਾ ਹਾਰ ਲੱਭਣ ਵਿੱਚ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਕੁਝ ਸਮਾਂ ਭਾਲ ਕਰਨ ਤੋਂ ਬਾਅਦ ਆਖਰਕਾਰ ਹੀਰਿਆਂ ਦਾ ਹਾਰ ਮਿਲ ਗਿਆ ਅਤੇ ਇਹ ਦੇਵਰਾਜ ਨੂੰ ਸੌਂਪ ਦਿੱਤਾ ਗਿਆ। ਸਾਹਮਣੇ ਆਈ ਇਕ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਫਾਈ ਕਰਮਚਾਰੀ ਐਂਥਨੀ ਸਾਮੀ ਕੂੜੇ ਦੇ ਢੇਰ 'ਚੋਂ ਹਾਰ ਦੀ ਭਾਲ ਕਰ ਰਹੇ ਹਨ। ਆਖਰਕਾਰ ਉਨ੍ਹਾਂ ਦੀ ਮਿਹਨਤ ਦਾ ਫਲ ਮਿਲਿਆ ਅਤੇ ਉਨ੍ਹਾਂ ਨੂੰ ਹਾਰ ਲੱਭ ਗਿਆ। ਹੁਣ ਐਂਥਨੀ ਦੀ ਇਮਾਨਦਾਰੀ ਅਤੇ ਮਿਹਨਤ ਦੀ ਕਾਫੀ ਤਾਰੀਫ ਹੋ ਰਹੀ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੋਈ ਕੀਮਤੀ ਵਸਤੂ ਕੂੜੇ ਦੇ ਢੇਰ ਤੱਕ ਪਹੁੰਚੀ ਹੋਵੇ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਤੋਂ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਜਦੋਂ ਇੱਕ ਪਰਿਵਾਰ ਬਾਹਰ ਸੈਰ ਕਰਨ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਘਰ ਵਿੱਚ ਪਿਆ ਕੀਮਤੀ ਸੋਨੇ ਦਾ ਸਮਾਨ ਡਸਟਬਿਨ ਵਿੱਚ ਰੱਖ ਦਿੱਤਾ। ਇਸ ਦੌਰਾਨ ਇਕ ਮਹਿਮਾਨ ਨੇ ਘਰ ਪਹੁੰਚ ਕੇ ਇਸ ਨੂੰ ਕੂੜਾ ਸਮਝ ਕੇ ਸਫਾਈ ਕਰਮਚਾਰੀਆਂ ਨੂੰ ਦੇ ਦਿੱਤਾ। ਜਦੋਂ ਪਰਿਵਾਰ ਵਾਪਸ ਆਇਆ ਤਾਂ ਉਹ ਹੈਰਾਨ ਰਹਿ ਗਿਆ। ਪਰਿਵਾਰ ਨੇ ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡੰਪਿੰਗ ਗਰਾਊਂਡ ਦੀ ਤਲਾਸ਼ੀ ਲਈ ਤਾਂ ਕੀਮਤੀ ਗਹਿਣੇ ਮਿਲੇ ਸਨ।
ਗੁਰੂ ਪੂਰਨਿਮਾ ਦੇ ਦਿਨ ਵਿਦੇਸ਼ੀ ਜੋੜੇ ਨੇ ਹਿੰਦੂ ਰੀਤੀ-ਰਿਵਾਜ਼ ਨਾਲ ਕਰਵਾਇਆ ਵਿਆਹ
NEXT STORY