ਨਵੀਂ ਦਿੱਲੀ (ਵਿਸ਼ੇਸ਼)- ਮਣੀਪੁਰ ’ਚ ਦੋ ਔਰਤਾਂ ਨੂੰ ਨੰਗਾ ਕਰ ਕੇ ਬਦਸਲੂਕੀ ਕਰਨ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਮੁੱਦੇ ’ਤੇ ਸੜਕਾਂ ਤੋਂ ਲੈ ਕੇ ਸੰਸਦ ਤੱਕ ਵਿਰੋਧੀ ਸੁਰ ਉੱਠ ਰਹੇ ਹਨ। ਪੂਰਾ ਦੇਸ਼ ਸ਼ਰਮਸਾਰ ਅਤੇ ਗੁੱਸੇ ’ਚ ਹੈ ਪਰ ਵਹਿਸ਼ੀ ਭੀੜ ਵੱਲੋਂ ਔਰਤਾਂ ਵਿਰੁੱਧ ਘਿਨਾਉਣੇ ਅਪਰਾਧਾਂ ਦਾ ਸਿਲਸਿਲਾ ਇੱਥੋਂ ਹੀ ਸ਼ੁਰੂ ਨਹੀਂ ਹੁੰਦਾ। ਮਣੀਪੁਰ ਕਾਂਡ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਤਰ੍ਹਾਂ ਦੇ ਹੁਣ ਅਜਿਹੇ ਕਈ ਹੋਰ ਅਪਰਾਧ ਸਾਹਮਣੇ ਆ ਰਹੇ ਹਨ। ਪੱਛਮੀ ਬੰਗਾਲ, ਰਾਜਸਥਾਨ, ਬਿਹਾਰ, ਛੱਤੀਸਗੜ੍ਹ... ਰਾਜ-ਦਰ-ਰਾਜ, ਸ਼ਹਿਰ-ਦਰ-ਸ਼ਹਿਰ, ਔਰਤਾਂ ਵਿਰੁੱਧ ਅਪਰਾਧਾਂ ਦੀ ਸੂਚੀ ਕਾਫ਼ੀ ਲੰਬੀ ਹੈ। ਮਣੀਪੁਰ ਦੀ ਘਟਨਾ ਤਾਂ ਮਹਿਜ਼ ਇਕ ਸ਼ੀਸ਼ਾ ਵਿਖਾਉਣ ਵਾਲੀ ਹੈ, ਪੂਰੇ ਦੇਸ਼ ’ਚ ਮਣੀਪੁਰ ਵੱਖ-ਵੱਖ ਰੂਪ-ਰੰਗ ਅਤੇ ਹੈਵਾਨੀਅਤ ਸੋਚ ਦੇ ਨਾਲ ਵਸਿਆ ਹੋਇਆ ਹੈ, ਸਵਾਲ ਉਹੀ ਕਿ-ਆਖਿਰ ਕਦੋਂ ਤੱਕ?
ਜਬਰ-ਜ਼ਿਨਾਹ ਦੇ ਮਾਮਲਿਆਂ ’ਚ ਰਾਜਸਥਾਨ ਨੰਬਰ ਇਕ
ਐੱਨ. ਸੀ. ਆਰ. ਬੀ. ਦੀ ਰਿਪੋਰਟ-
ਜਬਰ-ਜ਼ਿਨਾਹ ਦੇ ਮਾਮਲਿਆਂ ’ਚ ਰਾਜਸਥਾਨ ਪਹਿਲੇ ਨੰਬਰ ’ਤੇ ਹੈ। ਇੱਥੇ ਹਰ ਰੋਜ਼ 17 ਔਰਤਾਂ ਅਤੇ ਕੁੜੀਆਂ ਨਾਲ ਜਬਰ-ਜ਼ਿਨਾਹ ਹੁੰਦਾ ਹੈ। ਸਾਲ 2021 ’ਚ ਸੂਬੇ ’ਚ 6337 ਮਾਮਲੇ ਦਰਜ ਕੀਤੇ ਗਏ ਹਨ। ਜਬਰ-ਜ਼ਿਨਾਹ ਦੇ 90 ਫੀਸਦੀ ਕੇਸਾਂ ’ਚ ਆਪਣਿਆਂ ਦਾ ਹੀ ਹੱਥ ਰਿਹਾ ਹੈ। 2019 ’ਚ ਵੀ ਇੱਥੇ ਜਬਰ-ਜ਼ਨਾਹ ਦੇ ਸਭ ਤੋਂ ਵੱਧ 5,997 ਮਾਮਲੇ ਸਾਹਮਣੇ ਆਏ ਸਨ। 10 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ’ਚ 2.79 ਫੀਸਦੀ ਦਾ ਵਾਧਾ ਹੋਇਆ ਹੈ। ਇਸ ਸਾਲ ਨਾਬਾਲਗ ਲੜਕੀਆਂ ਨਾਲ ਸਮੂਹਿਕ ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਿਚ ਵੀ 13.64 ਫੀਸਦੀ ਵਾਧਾ ਹੋਇਆ ਹੈ। ਕਾਨੂੰਨ ਵਿਵਸਥਾ ਦੇ ਸਵਾਲ ’ਤੇ ਰਾਜਸਥਾਨ ਦੇ ਸੀ.ਐੱਮ. ਚਾਰੇ ਪਾਸਿਓਂ ਘਿਰੇ ਹੋਏ ਹਨ। ਆਪਣੀ ਸਰਕਾਰ ਦਾ ਬਚਾਅ ਕਰਦਿਆਂ ਅਸ਼ੋਕ ਗਹਿਲੋਤ ਨੇ ਕਿਹਾ ਕਿ ਰਾਜਸਥਾਨ ਦੇ ਥਾਣਿਆਂ ’ਚ ਕੇਸ ਦਰਜ ਕਰਨਾ ਲਾਜ਼ਮੀ ਹੈ। ਇੱਥੇ ਔਰਤਾਂ ਅਤੇ ਬੱਚਿਆਂ ਦੇ ਜਿਣਸੀ ਸ਼ੋਸ਼ਣ ਨਾਲ ਸਬੰਧਤ ਅਪਰਾਧਾਂ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ, ਇਸ ਲਈ ਕੇਸਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਪਰ ਪੁਲਸ ਖੋਜ ’ਚ 40 ਤੋਂ 45 ਫੀਸਦੀ ਕੇਸ ਝੂਠੇ ਪਾਏ ਜਾਂਦੇ ਹਨ। ਭਾਜਪਾ ’ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਓਸੀਆਂ ਮਾਮਲੇ ’ਚ ਦੋਸ਼ੀ 2 ਘੰਟਿਆਂ ’ਚ ਫੜੇ ਗਏ, ਜਦਕਿ ਮਣੀਪੁਰ ਵਾਇਰਲ ਵੀਡੀਓ ਮਾਮਲੇ ’ਚ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ’ਚ 77 ਦਿਨ ਲੱਗ ਗਏ।
ਛੱਤੀਸਗੜ੍ਹ ’ਚ ਰੋਜ਼ਾਨਾ 3 ਜਬਰ-ਜ਼ਿਨਾਹ ਦੇ ਮਾਮਲੇ, 22 ਹਜ਼ਾਰ ਤੋਂ ਵੱਧ ਔਰਤਾਂ ਲਾਪਤਾ
ਜਬਰ-ਜ਼ਿਨਾਹ ਦੇ ਮਾਮਲਿਆਂ ’ਚ ਛੱਤੀਸਗੜ੍ਹ ਦੇਸ਼ ਵਿਚ 12ਵੇਂ ਨੰਬਰ ’ਤੇ ਹੈ। ਐੱਨ.ਸੀ.ਆਰ.ਬੀ. ਦੀ ਰਿਪੋਰਟ ਮੁਤਾਬਕ ਛੱਤੀਸਗੜ੍ਹ ਵਿਚ 2021 ਵਿਚ ਜਬਰ-ਜ਼ਿਨਾਹ ਦੇ 1093 ਮਾਮਲੇ ਦਰਜ ਕੀਤੇ ਗਏ ਸਨ, ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਔਸਤਨ 3 ਜਬਰ-ਜ਼ਿਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਹ ਉਹ ਅੰਕੜੇ ਹਨ, ਜਿਨ੍ਹਾਂ ਦੇ ਥਾਣਿਆਂ ਵਿਚ ਕੇਸ ਦਰਜ ਹੋਏ ਹਨ, ਜਦਕਿ ਜ਼ਿਆਦਾਤਰ ਮਾਮਲਿਆਂ ਵਿਚ ਸਥਾਨਕ ਕਾਨੂੰਨ ਦੇ ਡਰ ਕਾਰਨ ਘਟਨਾਵਾਂ ਦੀਆਂ ਸ਼ਿਕਾਇਤਾਂ ਥਾਣਿਆਂ ਤੱਕ ਨਹੀਂ ਪਹੁੰਚਦੀਆਂ। ਇਸ ਤੋਂ ਇਲਾਵਾ 22 ਹਜ਼ਾਰ ਤੋਂ ਵੱਧ ਔਰਤਾਂ ਲਾਪਤਾ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ ਕਈਆਂ ਦੀ ਅਜੇ ਘਰ ਵਾਪਸੀ ਨਹੀਂ ਹੋਈ ਹੈ। ਇੰਨਾ ਹੀ ਨਹੀਂ 2020 ’ਚ ਸੂਬੇ ’ਚ 4000 ਤੋਂ ਵੱਧ ਬੱਚੇ ਲਾਪਤਾ ਹੋ ਚੁੱਕੇ ਹਨ। ਇਨ੍ਹਾਂ ’ਚ 3,269 ਕੁੜੀਆਂ ਅਤੇ 778 ਲੜਕੇ ਸ਼ਾਮਲ ਹਨ। ਛੱਤੀਸਗੜ੍ਹ ’ਚ 2019 ਵਿਚ 96561, 2020 ’ਚ 103173 ਅਤੇ 2021 ਵਿਚ 110633 ਮਾਮਲੇ ਦਰਜ ਕੀਤੇ ਗਏ। ਸੂਬੇ ’ਚ ਔਰਤਾਂ ਦੀ ਸੁਰੱਖਿਆ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਿਲਾਸਪੁਰ ਦੇ ਰਤਨਪੁਰ ’ਚ ਜਬਰ-ਜ਼ਿਨਾਹ ਦੇ ਮਾਮਲੇ ’ਚ ਪੁਲਸ ਨੇ ਪੀੜਤਾ ਦੀ ਮਾਂ ’ਤੇ ਉਲਟਾ ਕੇਸ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਹੈ। ਬਾਅਦ ਵਿਚ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿੱਤੀ। ਇਹ ਮਾਮਲਾ ਇਸ ਸਾਲ ਮਾਰਚ ਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਬਈ ਗਈ ਧੀ ਨੇ ਮਾਂ ਦੀ ਇੱਛਾ ਕੀਤੀ ਪੂਰੀ, 10 ਕਿਲੋ ਟਮਾਟਰ ਲੈ ਕੇ ਆਈ ਭਾਰਤ
NEXT STORY