ਨੈਸ਼ਨਲ ਡੈਸਕ - ਕੇਂਦਰ ’ਚ ਨਰਿੰਦਰ ਮੋਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਦੇ ਇਕ ਹਫ਼ਤੇ ਦੇ ਅੰਦਰ ਭਾਜਪਾ ਮੁੜ ਚੋਣ ਮੋਡ ’ਚ ਆ ਗਈ ਹੈ ਅਤੇ ਪਾਰਟੀ ਨੇ ਇਸੇ ਸਾਲ ਹੋਣ ਵਾਲੀਆਂ ਮਹਾਰਾਸ਼ਟਰ, ਝਾਰਖੰਡ, ਹਰਿਆਣਾ ਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਲਈ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਹਾਲਾਂਕਿ ਕੁਝ ਲੋਕ ਕੇਂਦਰ ਸਰਕਾਰ ਦੀ ਸਥਿਰਤਾ ਸਬੰਧੀ ਸਵਾਲ ਖੜ੍ਹੇ ਕਰ ਰਹੇ ਹਨ ਪਰ 4 ਮਹੀਨਿਆਂ ਅੰਦਰ ਸਰਕਾਰ ਨੂੰ ਅਗਨੀ ਪ੍ਰੀਖਿਆ ’ਚੋਂ ਜ਼ਰੂਰ ਲੰਘਣਾ ਪੈ ਸਕਦਾ ਹੈ ਅਤੇ ਇਹ ਅਗਨੀ ਪ੍ਰੀਖਿਆ ਆਉਣ ਵਾਲੀਆਂ 4 ਸੂਬਿਆਂ ਦੀਆਂ ਚੋਣਾਂ ਦੇ ਰੂਪ ’ਚ ਸਾਹਮਣੇ ਆਏਗੀ। ਇਨ੍ਹਾਂ ਚੋਣਾਂ ਦੇ ਨਤੀਜੇ ਸਰਕਾਰ ਦਾ ਭਵਿੱਖ ਤੈਅ ਕਰਨਗੇ।
ਇਹ ਵੀ ਪੜ੍ਹੋ - ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਇੰਝ ਰੱਖੋ ਆਪਣੀ ਸਿਹਤ ਦਾ ਧਿਆਨ
ਜੇ ਭਾਜਪਾ ਇਨ੍ਹਾਂ ਚੋਣਾਂ ਵਿਚ ਚੰਗੀ ਕਾਰਗੁਜ਼ਾਰੀ ਵਿਖਾਉਂਦੀ ਹੈ ਤਾਂ ਉਸ ਦੇ ਸਹਿਯੋਗੀ ਸਿਆਸੀ ਤੌਰ ’ਤੇ ਭਾਜਪਾ ਨੂੰ ਪ੍ਰੇਸ਼ਾਨ ਨਹੀਂ ਕਰਨਗੇ ਪਰ ਜੇ ਭਾਜਪਾ ਦੀ ਕਾਰਗੁਜ਼ਾਰੀ ਆਸ ਮੁਤਾਬਕ ਨਾ ਰਹੀ ਤਾਂ ਉਸ ਦੇ ਸਹਿਯੋਗੀ ਕਈ ਤਰ੍ਹਾਂ ਦੇ ਖਦਸ਼ਿਆਂ ਦੇ ਸ਼ਿਕਾਰ ਹੋ ਸਕਦੇ ਹਨ। ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਸੂਬਿਆਂ ਵਿਚ ਭਾਜਪਾ ਦੀ ਕਾਰਗੁਜ਼ਾਰੀ ਆਸ ਮੁਤਾਬਕ ਨਹੀਂ ਰਹੀ। ਇਸ ਲਈ ਭਗਵਾ ਪਾਰਟੀ ਨੂੰ ਇਨ੍ਹਾਂ ਸੂਬਿਆਂ ਵਿਚ ਸਥਾਨਕ ਮੁੱਦਿਆਂ ਦੇ ਹੱਲ ਪੇਸ਼ ਕਰਨੇ ਪੈਣਗੇ ਪਰ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਭਾਜਪਾ ਕੋਲ ਖੇਤਰੀ ਪੱਧਰ ’ਤੇ ਵੱਡੇ ਚਿਹਰੇ ਨਹੀਂ ਹਨ ਅਤੇ ਉਸ ਨੂੰ ਪੀ. ਐੱਮ. ਮੋਦੀ ਦੇ ਚਿਹਰੇ ’ਤੇ ਨਿਰਭਰ ਰਹਿਣਾ ਪਵੇਗਾ। ‘ਇੰਡੀਆ’ ਗੱਠਜੋੜ ਝਾਰਖੰਡ ਤੋਂ ਇਲਾਵਾ ਕਿਤੇ ਵੀ ਸੱਤਾ ਵਿਚ ਨਹੀਂ ਹੈ। ਜੇ ਨਤੀਜੇ ਉਸ ਦੇ ਪੱਖ ਵਿਚ ਨਾ ਗਏ ਤਾਂ 4 ਜੂਨ ਦੇ ਨਤੀਜਿਆਂ ਤੋਂ ਉਮੀਦ ਦੀਆਂ ਜਿਹੜੀਆਂ ਕੁਝ ਕਿਰਨਾਂ ਉਸ ਨੂੰ ਹਾਸਲ ਹੋਈਆਂ ਹਨ, ਉਹ ਵੀ ਧੁੰਦਲੀਆਂ ਹੋ ਜਾਣਗੀਆਂ। ਇਹ ਚੋਣਾਂ ਸਾਰੀਆਂ ਧਿਰਾਂ ਲਈ ਚੁਣੌਤੀਆਂ ਲੈ ਕੇ ਆਉਣ ਵਾਲੀਆਂ ਹਨ।
ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ
ਕਸ਼ਮੀਰ ਭਾਜਪਾ ਲਈ ਚੁਣੌਤੀ
ਪਿਛਲੇ ਮਹੀਨੇ ਆਮ ਚੋਣਾਂ ਦੌਰਾਨ ਵਾਦੀ ਦੇ ਸਾਰੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੇ ਉਤਸ਼ਾਹ ਨੇ ਨਵੇਂ ਰਿਕਾਰਡ ਸਥਾਪਤ ਕੀਤੇ। ਅਖੰਡ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜ ਚੁੱਕੇ ਉਮਰ ਅਬਦੁੱਲਾ ਤੇ ਮਹਿਬੂਬਾ ਮੁਫਤੀ ਨੂੰ ਜਨਤਾ ਨੇ ਢੇਰ ਕਰ ਦਿੱਤਾ। ਭਾਜਪਾ ਨੇ ਵਾਦੀ ਵਿਚ ਚੋਣ ਨਹੀਂ ਲੜੀ ਪਰ ਜੰਮੂ ਖੇਤਰ ਤੋਂ ਉਸ ਨੂੰ 2 ਸੀਟਾਂ ਹਾਸਲ ਹੋ ਗਈਆਂ। ਬਾਕੀ ਬਚੀਆਂ ਸੀਟਾਂ ਵਿਚੋਂ ਇਕ ’ਤੇ ਆਜ਼ਾਦ ਅਤੇ ਹੋਰ ਦੋ ’ਤੇ ਨੈਸ਼ਨਲ ਕਾਨਫਰੰਸ ਦੀ ਜਿੱਤ ਹੋਈ। ਮਤਲਬ ਸਪਸ਼ਟ ਹੈ ਕਿ ਪੀ. ਡੀ. ਪੀ. ਦਾ ਕਿਲ੍ਹਾ ਢਹਿ ਰਿਹਾ ਹੈ।
ਉਮਰ ਅਬਦੁੱਲਾ ਹਾਰੇ ਜ਼ਰੂਰ ਪਰ ਉਨ੍ਹਾਂ ਦੀ ਅਗਵਾਈ ਵਾਲੀ ਨੈਸ਼ਨਲ ਕਾਨਫਰੰਸ ਕਿਸੇ ਹੋਰ ਸੂਬਾਈ ਪਾਰਟੀ ਤੋਂ ਕਿਤੇ ਵੱਧ ਮਜ਼ਬੂਤ ਸਾਬਤ ਹੋਈ। ਭਾਜਪਾ ਭਾਵੇਂ ਨੰਬਰ ਇਕ ’ਤੇ ਰਹੀ ਹੋਵੇ ਪਰ ਉਸ ਨੂੰ ਫ਼ੈਸਲਾਕੁੰਨ ਸੀਟਾਂ ਲਿਆਉਣ ਲਈ ਆਪਣਾ ਆਧਾਰ ਵਧਾਉਣਾ ਪਵੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਚੁੱਕੇ ਹਨ ਕਿ ਅਸੀਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਥੋਂ ਦੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਾਂਗੇ। ਕੀ ਇਸ ਵਾਰ ਭਗਵਾ ਪਾਰਟੀ ਵਾਦੀ ਵਿਚ ਜਿੱਤ ਦੇ ਪੁਰਾਣੇ ਸੁਪਨੇ ਨੂੰ ਸੱਚ ਕਰ ਸਕੇਗੀ? ਇੱਥੇ ਕਾਂਗਰਸ ਦੀ ਹਾਲਤ ਖਸਤਾ ਹੈ। ਕੀ ਉਹ ਗੱਠਜੋੜ ਦੇ ਸਹਾਰੇ ਆਪਣੀ ਬੇੜੀ ਪਾਰ ਲਾਉਣੀ ਚਾਹੇਗੀ?
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਅਪਾਰਟਮੈਂਟ 'ਚੋਂ ਬਰਾਮਦ ਹੋਈਆਂ ਤਿੰਨ ਭੈਣਾਂ ਸਮੇਤ ਚਾਰ ਲੋਕਾਂ ਦੀਆਂ ਲਾਸ਼ਾਂ, ਫੈਲੀ ਸਨਸਨੀ
ਹਰਿਆਣਾ ’ਚ ਕਾਂਗਰਸ ਭਾਜਪਾ ’ਚ ਆਹਮੋ-ਸਾਹਮਣੇ ਟੱਕਰ
ਭਾਜਪਾ ਨੇ 2019 ’ਚ ਹਰਿਆਣਾ ਵਿਚ ਸਾਰੀਆਂ 10 ਸੀਟਾਂ ਜਿੱਤ ਲਈਆਂ ਸਨ। ਇਸ ਵਾਰ ਉਸ ਨੂੰ ਅੱਧੀਆਂ ਸੀਟਾਂ ਨਾਲ ਸੰਤੁਸ਼ਟ ਹੋਣ ’ਤੇ ਮਜ਼ਬੂਰ ਹੋਣ ਪਿਆ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਮਿਲ ਕੇ ਉਸ ਦੇ ਖ਼ਿਲਾਫ਼ ਲੜੀਆਂ ਸਨ। ਇਸ ਗੱਠਜੋੜ ਨੂੰ 47.61 ਫੀਸਦੀ ਵੋਟਾਂ ਮਿਲੀਆਂ ਸਨ। ਭਾਜਪਾ 46.11 ਫ਼ੀਸਦੀ ਵੋਟਾਂ ਹਾਸਲ ਕਰ ਕੇ ਭਾਵੇਂ ਥੋੜ੍ਹਾ ਪਿੱਛੇ ਰਹਿ ਗਈ ਹੋਵੇ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਉਸ ਦੇ ਵੋਟ ਫ਼ੀਸਦੀ ਵਿਚ ਲੱਗਭਗ 10 ਫ਼ੀਸਦੀ ਦਾ ਉਛਾਲ ਆਇਆ ਹੈ। ਕਾਂਗਰਸ ਨੇ ਵੀ 15.59 ਫ਼ੀਸਦੀ ਵੱਧ ਵੋਟਾਂ ਹਾਸਲ ਕਰ ਕੇ ਪਹਿਲਾਂ ਦੇ ਮੁਕਾਬਲੇ ਕਾਫੀ ਬਿਹਤਰ ਕਾਰਗੁਜ਼ਾਰੀ ਵਿਖਾਈ ਹੈ। ਇੱਥੇ ਭਾਜਪਾ ਤੇ ਕਾਂਗਰਸ ਦੀ ਸਿੱਧੀ ਟੱਕਰ ਹਰ ਹਾਲਤ ’ਚ ਕੁਝ ਸ਼ੋਅਲੇ ਤਾਂ ਕੁਝ ਚੰਗਿਆੜੀਆਂ ਪੈਦਾ ਕਰੇਗੀ।
ਮਹਾਰਾਸ਼ਟਰ ’ਚ ਊਧਵ ਠਾਕਰੇ ਵੱਡੀ ਤਾਕਤ ਬਣ ਕੇ ਉਭਰੇ
ਮਹਾਰਾਸ਼ਟਰ ’ਚ ਊਧਵ ਠਾਕਰੇ ਇਕ ਵਾਰ ਮੁੜ ਸਭ ਤੋਂ ਵੱਡੀ ਤਾਕਤ ਦੇ ਤੌਰ ’ਤੇ ਉਭਰੇ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਤਕ ਮਹਾਰਾਸ਼ਟਰ ਨੂੰ ਭਾਜਪਾ ਤੇ ਉਸ ਦੇ ਸਹਿਯੋਗੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਮਹਾਰਾਸ਼ਟਰ ਦੀ ਜਨਤਾ ਨੇ ਹਰਿਆਣਾ ਤੇ ਜੰਮੂ-ਕਸ਼ਮੀਰ ਵਾਂਗ ਇੱਥੇ ਵੀ ਸਿਧਾਂਤ-ਰਹਿਤ ਜੋੜ-ਤੋੜ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਕਦੇ ਖੁਦ ਨੂੰ ਐੱਨ. ਸੀ. ਪੀ. ਦਾ ਅਸਲੀ ਕਰਤਾ-ਧਰਤਾ ਦੱਸਣ ਵਾਲੇ ਅਜੀਤ ਪਵਾਰ ਸਿਰਫ ਇਕ ਸੀਟ ’ਤੇ ਸਿਮਟ ਗਏ। ਮੌਜੂਦਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ 7 ਚੋਣ ਹਲਕੇ ਜਿੱਤ ਕੇ ਇੱਜ਼ਤ ਤਾਂ ਬਚਾ ਲਈ ਪਰ ਸੂਬਾ ਪੱਧਰੀ ਅਪੀਲ ਵਿਚ ਉਹ ਊਧਵ ਠਾਕਰੇ ਦੇ ਸਾਹਮਣੇ ਫਿੱਕੇ ਪੈ ਗਏ ਹਨ। ਸਾਨੂੰ ਇਸ ਸੂਬੇ ਵਿਚ ਚੋਣਾਂ ਤੋਂ ਪਹਿਲਾਂ ਆਇਆ ਰਾਮ-ਗਿਆ ਰਾਮ ਦਾ ਨਵਾਂ ਤਮਾਸ਼ਾ ਵੇਖਣ ਨੂੰ ਮਿਲ ਸਕਦਾ ਹੈ। ਭਾਜਪਾ ਇੱਥੇ ਪ੍ਰਮੁੱਖ ਸਿਆਸੀ ਪਾਰਟੀ ਜ਼ਰੂਰ ਹੈ ਪਰ ਉਸ ਦੇ ਕੋਲ ਕੋਈ ਸੂਬਾ ਪੱਧਰੀ ਜਿਤਾਊ ਚਿਹਰਾ ਨਹੀਂ ਹੈ।
ਇਹ ਵੀ ਪੜ੍ਹੋ - ਰੂਹ ਕੰਬਾਊ ਵਾਰਦਾਤ: 2 ਵੱਡੇ ਭਰਾਵਾਂ ਨੇ ਛੋਟੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
ਝਾਰਖੰਡ ’ਚ ਭਾਜਪਾ ਕੋਲ ਚਿਹਰਿਆਂ ਦੀ ਕਮੀ
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਇਸ ਵੇਲੇ ਭ੍ਰਿਸ਼ਟਾਚਾਰ ਦੇ ਦੋਸ਼ ’ਚ ਜੇਲ ਵਿਚ ਬੰਦ ਹਨ। ਉੱਥੇ ਸਰਕਾਰ ਤਾਂ ਨਹੀਂ ਡਿੱਗੀ ਪਰ ਝਾਰਖੰਡ ਮੁਕਤੀ ਮੋਰਚਾ ’ਚ ਅੰਦਰੂਨੀ ਬਦਲਾਅ ਦੇ ਚਿੰਨ੍ਹ ਸਪਸ਼ਟ ਵੇਖੇ ਜਾ ਸਕਦੇ ਹਨ। ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਗਾਂਡੇਯ ਤੋਂ ਉਪ-ਚੋਣ ਜਿੱਤ ਕੇ ਵਿਧਾਇਕ ਬਣ ਚੁੱਕੀ ਹੈ। ਉਸ ਦੀ ਜੇਠਾਣੀ ਸੀਤਾ ਸੋਰੇਨ ਦੁਮਕਾ ਤੋਂ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜੀ ਪਰ ਹਾਰ ਗਈ। ਇਸ ਚੋਣ ਵਿਚ ਸਿਰਫ ਝਾਰਖੰਡ ਮੁਕਤੀ ਮੋਰਚਾ ਹੀ ਨਹੀਂ, ਸਗੋਂ ਸੋਰੇਨ ਪਰਿਵਾਰ ਦੀ ਟੁੱਟ ਵੀ ਜਗ-ਜ਼ਾਹਿਰ ਹੋਈ। ਇਸ ਸਭ ਦੇ ਬਾਵਜੂਦ ‘ਇੰਡੀਆ’ ਗੱਠਜੋੜ ਜਿਸ ਦਾ ਝਾਰਖੰਡ ਮੁਕਤੀ ਮੋਰਚਾ ਵੀ ਮੈਂਬਰ ਹੈ, ਆਦਿਵਾਸੀ, ਈਸਾਈ, ਦਲਿਤ ਤੇ ਮੁਸਲਿਮ ਆਬਾਦੀ ਦੇ ਦਮ ’ਤੇ ਮਜ਼ਬੂਤ ਗੱਠਜੋੜ ਬਣਾਉਂਦਾ ਨਜ਼ਰ ਆ ਰਿਹਾ ਹੈ। ਭਾਜਪਾ ਇਸ ਵਾਰ 14 ਵਿਚੋਂ 9 ਸੀਟਾਂ ਜਿੱਤਣ ਵਿਚ ਭਾਵੇਂ ਹੀ ਕਾਮਯਾਬ ਰਹੀ ਹੋਵੇ ਪਰ ਉਸ ਨੂੰ ਝਟਕਾ ਲੱਗਾ ਹੈ। ਇੱਥੇ ਵੀ ਉਸ ਕੋਲ ਸੂਬਾ ਪੱਧਰੀ ਅਪੀਲ ਦਾ ਕੋਈ ਨੇਤਾ ਨਹੀਂ।
ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ 'ਤੇ ਡਿੱਗਿਆ ਵੱਡਾ ਪੱਥਰ, 3 ਲੋਕਾਂ ਦੀ ਮੌਕੇ 'ਤੇ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਸਪੀਕਰ ਦੀ ਚੋਣ ’ਤੇ ਜੋੜ-ਤੋੜ ਤੇਜ਼, ‘ਇੰਡੀਆ’ ਗੱਠਜੋੜ ਵੀ ਉਤਾਰ ਸਕਦੈ ਆਪਣਾ ਉਮੀਦਵਾਰ
NEXT STORY