ਸ਼ਿਵਮੋਗਾ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ 'ਚ ਤੇਜ਼ੀ ਨਾਲ ਵਧਦੇ ਹਵਾਬਾਜ਼ੀ ਉਦਯੋਗ 'ਤੇ ਰੌਸ਼ਨੀ ਪਾਉਂਦੇ ਹੋਏ ਸੋਮਵਾਰ ਨੂੰ ਕਿਹਾ,''ਹਵਾਈ ਚੱਪਲ ਪਹਿਨਣ ਵਾਲਿਆਂ ਨੂੰ ਹਵਾਈ ਜਹਾਜ਼ 'ਚ ਯਾਤਰਾ ਕਰਨੀ ਚਾਹੀਦੀ ਹੈ ਅਤੇ ਮੈਂ ਅਜਿਹਾ ਸੰਭਵ ਹੁੰਦੇ ਦੇਖ ਰਿਹਾ ਹਾਂ।'' ਪ੍ਰਧਾਨ ਮੰਤਰੀ ਮੋਦੀ ਨੇ ਸ਼ਿਵਮੋਗਾ ਹਵਾਈ ਅੱਡੇ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਜਨ ਸਭਾ 'ਚ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਭਾਰਤ ਨੂੰ ਹਜ਼ਾਰਾਂ ਜਹਾਜ਼ ਚਾਹੀਦੇ ਹੋਣਗੇ। ਜਲਦ ਹੀ ਭਾਰਤ 'ਚ ਬਣੇ (ਮੇਡ ਇਨ ਇੰਡੀਆ) ਯਾਤਰੀ ਜਹਾਜ਼ ਉਪਲੱਬਧ ਹੋਣਗੇ। ਮੋਦੀ ਨੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਕਿਹਾ ਕਿ 'ਏਅਰ ਇੰਡੀਆ' 2014 ਤੋਂ ਪਹਿਲਾਂ ਹਮੇਸ਼ਾ ਨਕਾਰਾਤਮਕ ਕਾਰਨਾਂ ਕਰ ਕੇ ਚਰਚਾ 'ਚ ਰਹਿੰਦੀ ਸੀ ਅਤੇ ਕਾਂਗਰਸ ਸ਼ਾਸਨ ਦੌਰਾਨ ਉਸ ਨੂੰ ਘਪਲਿਆਂ ਲਈ ਪਛਾਣਿਆ ਜਾਂਦਾ ਸੀ। ਹਵਾਈ ਅੱਡੇ ਦਾ ਉਦਘਾਟਨ ਕਰਨਾਟਕ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਚਾਰ ਵਾਰ ਮੁੱਖ ਮੰਤਰੀ ਰਹੇ ਬੀ.ਐੱਸ. ਯੇਦੀਯੁਰੱਪਾ ਦੇ 80ਵੇਂ ਜਨਮ ਦਿਨ ਮੌਕੇ ਕੀਤਾ ਗਿਆ।
ਯੇਦੀਯੁਰੱਪਾ ਸ਼ਿਵਮੋਗਾ ਜ਼ਿਲ੍ਹੇ ਤੋਂ ਆਉਂਦੇ ਹਨ। ਸ਼ਿਵਮੋਗਾ ਜਨ ਸਭਾ 'ਚ ਲੋਕਾਂ ਤੋਂ ਯੇਦੀਯੁਰੱਪਾ ਦੇ ਜਨਮ ਮੌਕੇ ਮੋਬਾਇਲ ਦੀ 'ਫਲੈਸ਼ ਲਾਈਟ' ਚਾਲੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਰਨਾਟਕ ਨੇ 'ਡਬਲ ਇੰਜਣ' ਸਰਕਾਰ ਨੂੰ ਵਾਰ-ਵਾਰ ਮੌਕਾ ਦੇਣ ਦਾ ਮਨ ਬਣਾ ਲਿਆ ਹੈ। ਇਹ ਮੋਦੀ ਦਾ ਇਸ ਸਾਲ ਸੂਬੇ ਦਾ 5ਵਾਂ ਦੌਰਾ ਹੈ, ਜਿੱਥੇ ਮਈ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਨਵਾਂ ਹਵਾਈ ਅੱਡਾ ਕਰੀਬ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਹਵਾਈ ਅੱਡੇ ਦੇ ਯਾਤਰੀ ਟਰਮਿਨਲ ਭਵਨ 'ਚ ਪ੍ਰਤੀ ਘੰਟੇ 300 ਯਾਤੀਰ ਆ-ਜਾ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਸ਼ਿਵਮੋਗਾ ਅਤੇ ਹੋਰ ਗੁਆਂਢੀ ਖੇਤਰਾਂ ਨਾਲ ਸੰਪਰਕ ਅਤੇ ਪਹੁੰਚ 'ਚ ਸੁਧਾਰ ਹੋਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨੇ ਕੁੱਲ ਮਿਲਾ ਕੇ 3600 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਯੇਦੀਯੁਰੱਪਾ ਵੀ ਮੌਜੂਦ ਰਹੇ।
ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹਿਮਾਚਲ ਸਰਕਾਰ ਨੇ 8 'ਹੈਲੀਪੋਰਟ' ਸਥਾਪਤ ਕਰਨ ਦੀ ਦਿੱਤੀ ਮਨਜ਼ੂਰੀ
NEXT STORY