ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਮਰਜੈਂਸੀ ਵਿਰੁੱਧ ਲੜਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਐਤਵਾਰ ਉਨ੍ਹਾਂ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਦੀਆਂ ਟਿੱਪਣੀਆਂ ਸੁਣਾਈਆਂ ਤਾਂ ਜੋ ਉਦੋਂ ਲੋਕਾਂ ’ਤੇ ਹੋਏ ਅੱਤਿਆਚਾਰਾਂ ਨੂੰ ਲੈ ਕੇ ਉਸ ਵੇਲੇ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਧੀਕੀਆਂ ਸਹਿਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿਉਂਕਿ ਉਹ ਸਾਨੂੰ ਆਪਣੇ ਸੰਵਿਧਾਨ ਨੂੰ ਮਜ਼ਬੂਤ ਰੱਖਣ ਲਈ ਲਗਾਤਾਰ ਸੁਚੇਤ ਰਹਿਣ ਲਈ ਪ੍ਰੇਰਿਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਲਾਈ, ਉਨ੍ਹਾਂ ਨਾ ਸਿਰਫ਼ ਸਾਡੇ ਸੰਵਿਧਾਨ ਦੀ ਹੱਤਿਆ ਕੀਤੀ ਸਗੋਂ ਨਿਆਂਪਾਲਿਕਾ ਨੂੰ ਆਪਣਾ ਗੁਲਾਮ ਬਣਾ ਕੇ ਰੱਖਣ ਦਾ ਇਰਾਦਾ ਵੀ ਦਰਸਾਇਆ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪਾਰਟੀ ਦਾ ਨਾਂ ਲਏ ਬਿਨਾਂ ਮੋਦੀ ਨੇ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਲਈ ਕਾਂਗਰਸ ਦੀ ਨਿੰਦਾ ਕੀਤੀ।
ਕੇਂਦਰ ’ਚ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਦਰਮਿਅਾਨ ਐਮਰਜੈਂਸੀ ’ਤੇ ਦੋਸ਼ਾਂ ਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਕਾਂਗਰਸ ਕਹਿੰਦੀ ਹੈ ਕਿ ਮੋਦੀ ਸਰਕਾਰ ਅਧੀਨ ਇਕ ਅਣਐਲਾਨੀ ਐਮਰਜੈਂਸੀ ਜਾਰੀ ਹੈ। ਆਪਣੇ ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਜਨਤਕ ਭਾਈਵਾਲੀ ਦੀ ਸ਼ਕਤੀ ਨਾਲ ਵੱਡੇ ਸੰਕਟਾਂ ਦਾ ਸਾਹਮਣਾ ਕੀਤਾ ਜਾ ਸਕਦਾ ਹੈ। ਮੈਂ ਤੁਹਾਡੇ ਲਈ ਇਕ ਆਡੀਓ ਚਲਾਵਾਂਗਾ। ਇਸ ਆਡੀਓ ’ਚ ਤੁਹਾਨੂੰ ਉਸ ਸੰਕਟ ਦੀ ਵਿਸ਼ਾਲਤਾ ਦਾ ਅੰਦਾਜ਼ਾ ਲੱਗੇਗਾ ਕਿ ਉਹ ਸੰਕਟ ਕਿੰਨਾ ਵੱਡਾ ਸੀ। ਪਹਿਲਾਂ ਇਸ ਨੂੰ ਸੁਣੋ, ਸਮਝੋ। ਇਸ ਆਡੀਓ ’ਚ ਮੋਰਾਰਜੀ ਦੇਸਾਈ ਦੀ ਆਵਾਜ਼ ਸੀ ਜੋ ਐਮਰਜੈਂਸੀ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਉਨ੍ਹਾਂ ਕਿਹਾ ਸੀ ਕਿ ਇੰਦਰਾ ਗਾਂਧੀ ਦੇ ਰਾਜ ਦਾ ‘ਜ਼ੁਲਮ’ ਕਈ ਸਾਲਾਂ ਤੋਂ ਚੱਲ ਰਿਹਾ ਸੀ, ਪਰ ਐਮਰਜੈਂਸੀ ਲਾਏ ਜਾਣ ਤੋਂ 2 ਸਾਲਾਂ ਅੰਦਰ ਹੀ ਇਹ ਆਪਣੇ ਸਿਖਰ ’ਤੇ ਪਹੁੰਚ ਗਿਆ। ਦੇਸਾਈ ਨੇ ਕਿਹਾ ਸੀ ਕਿ ਲੋਕਾਂ ਦਾ ਆਜ਼ਾਦੀ ਦਾ ਅਧਿਕਾਰ ਖੋਹ ਲਿਆ ਗਿਆ, ਅਖ਼ਬਾਰਾਂ ਲਈ ਕੋਈ ਆਜ਼ਾਦੀ ਨਹੀਂ ਸੀ। ਅਦਾਲਤਾਂ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰ ਦਿੱਤਾ ਗਿਆ। ਜਿਸ ਤਰ੍ਹਾਂ ਇਕ ਲੱਖ ਤੋਂ ਵੱਧ ਲੋਕਾਂ ਨੂੰ ਜੇਲਾਂ ’ਚ ਸੁੱਟ ਦਿੱਤਾ ਗਿਆ ਤੇ ਫਿਰ ਮਨਮਰਜ਼ੀ ਵਾਲਾ ਰਾਜ ਜਾਰੀ ਰੱਖਿਆ ਗਿਆ, ਉਸ ਦੀ ਉਦਾਹਰਣ ਦੁਨੀਆ ਦੇ ਇਤਿਹਾਸ ’ਚ ਵੀ ਮਿਲਣੀ ਮੁਸ਼ਕਲ ਹੈ।
ਮੋਦੀ ਨੇ ਕਿਹਾ ਕਿ 1975 ਤੋਂ 1977 ਦਰਮਿਅਾਨ 21 ਮਹੀਨਿਆਂ ਲਈ ਐਮਰਜੈਂਸੀ ਦੌਰਾਨ ਲੋਕਾਂ ਨੂੰ ਵੱਡੇ ਪੱਧਰ ’ਤੇ ਤਸੀਹੇ ਦਿੱਤੇ ਗਏ। ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੇ ਭਾਸ਼ਣਾਂ ਦੇ ਅੰਸ਼ ਪੜ੍ਹੇ। ਉਨ੍ਹਾਂ ਕਿਹਾ ਕਿ ਜਾਰਜ ਫਰਨਾਂਡਿਸ ਸਾਹਿਬ ਨੂੰ ਜ਼ੰਜੀਰਾਂ ਨਾਲ ਬੰਨ੍ਹਿਆ ਗਿਆ ਸੀ। ਉਸ ਸਮੇਂ ਅੰਦਰੂਨੀ ਸੁਰੱਖਿਆ ਬਣਾਈ ਰੱਖਣ ਬਾਰੇ ਐਕਟ ਭਾਵ ‘ਮੀਸਾ’ ਅਧੀਨ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਆਖਰ ਲੋਕਾਂ ਦੀ ਜਿੱਤ ਹੋਈ। ਐਮਰਜੈਂਸੀ ਹਟਾ ਦਿੱਤੀ ਗਈ ਤੇ ਜਿਨ੍ਹਾਂ ਨੇ ਇਸ ਨੂੰ ਲਾਇਆ ਸੀ ਉਹ ਹਾਰ ਗਏ। ਸਮਾਜਿਕ ਸੁਰੱਖਿਆ ਯੋਜਨਾਵਾਂ ਤੋਂ 95 ਕਰੋੜ ਲੋਕਾਂ ਨੂੰ ਲਾਭ ਹੋਇਆ ਮੋਦੀ ਨੇ ਕਿਹਾ ਕਿ ਲਗਭਗ 95 ਕਰੋੜ ਲੋਕ ਹੁਣ ਕਿਸੇ ਨਾ ਕਿਸੇ ਰੂਪ ’ਚ ਸਮਾਜਿਕ ਸੁਰੱਖਿਆ ਯੋਜਨਾ ਦਾ ਲਾਭ ਲੈ ਰਹੇ ਹਨ ਜਦੋਂ ਕਿ 2015 ਤੱਕ ਸਰਕਾਰੀ ਯੋਜਨਾਵਾਂ 25 ਕਰੋੜ ਤੋਂ ਵੀ ਘੱਟ ਲੋਕਾਂ ਤੱਕ ਪਹੁੰਚੀਆਂ ਸਨ। ਮੋਦੀ ਨੇ ਇਕ ਉਸ ਰਿਪੋਰਟ ਦਾ ਵੀ ਹਵਾਲਾ ਦਿੱਤਾ ਜਿਸ ’ਚ ਕਿਹਾ ਗਿਆ ਹੈ ਕਿ ਭਾਰਤ ਦੀ 64 ਫੀਸਦੀ ਤੋਂ ਵੱਧ ਆਬਾਦੀ ਨੂੰ ਕਿਸੇ ਨਾ ਕਿਸੇ ਰੂਪ ’ਚ ਸਮਾਜਿਕ ਸੁਰੱਖਿਆ ਦਾ ਲਾਭ ਮਿਲ ਰਿਹਾ ਹੈ।
ਪੰਜਾਬ ਲਈ ਖਤਰੇ ਦੀ ਘੰਟੀ! ਪੰਡੋਹ ਡੈਮ ਦੇ ਸਾਰੇ ਪੰਜ ਦਰਵਾਜ਼ੇ ਖੋਲ੍ਹੇ, ਬਿਆਸ ਦਾ ਵਧਿਆ ਪੱਧਰ (Video)
NEXT STORY