ਚੇਨਈ- ਤਮਿਲਨਾਡੂ ਵਿਚ ਸਰਕਾਰ ਬਣਾਉਣ ’ਤੇ ਸਸਪੈਂਸ ਫਿਰ ਗਹਿਰਾ ਗਿਆ ਹੈ। ਤਮਿਲਗਾ ਵੇਤਰੀ ਕੜਗਮ (ਟੀ. ਵੀ. ਕੇ.) ਮੁਖੀ ਵਿਜੇ ਨੇ ਸ਼ਨੀਵਾਰ ਸਵੇਰੇ 11 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਸੀ ਪਰ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਪਤਾ ਲੱਗਾ ਹੈ ਕਿ ਰਾਜਪਾਲ ਅਜੇ 2 ਪਾਰਟੀਆਂ ਦੇ ਸਮਰਥਨ ਪੱਤਰਾਂ ਦੀ ਉਡੀਕ ਕਰ ਰਹੇ ਹਨ, ਇਸ ਲਈ ਉਨ੍ਹਾਂ ਵੱਲੋਂ ਸਹੁੰ ਚੁੱਕਣ ਦਾ ਦਿਨ ਅਤੇ ਸਮਾਂ ਤੈਅ ਨਹੀਂ ਕੀਤਾ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਵਿਦੁਥਲਾਈ ਚਿਰੂਥੈਗਲ ਕਾਚੀ (ਵੀ. ਸੀ. ਕੇ.) ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਪਾਰਟੀਆਂ ਦਾ ਸਮਰਥਨ ਪੱਤਰ ਰਾਜਪਾਲ ਨੂੰ ਨਹੀਂ ਮਿਲਿਆ। ਜਾਣਕਾਰੀ ਮਿਲੀ ਹੈ ਕਿ ਵੀ. ਸੀ. ਕੇ. ਨੇ ਸਮਰਥਨ ਦੇਣ ਲਈ ਡਿਪਟੀ ਸੀ. ਐੱਮ. ਦਾ ਅਹੁਦਾ ਮੰਗਿਆ ਹੈ। ਉਥੇ ਆਈ. ਯੂ. ਐੱਮ. ਐੱਲ. ਦਾ ਕਹਿਣਾ ਹੈ ਕਿ ਉਹ ਐੱਮ. ਕੇ. ਸਟਾਲਿਨ ਦੇ ਨਾਲ ਹਨ। ਵਿਜੇ ਨੇ ਰਾਜਪਾਲ ਨੂੰ ਸਿਰਫ਼ 116 ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਹੀ ਸੌਂਪਿਆ ਸੀ। ਨਾਲ ਹੀ ਉਨ੍ਹਾਂ ਕਿਹਾ ਸੀ ਕਿ ਬਾਕੀ ਵਿਧਾਇਕਾਂ ਦੇ ਦਸਤਖਤਾਂ ਵਾਲੇ ਪੱਤਰ ਵੀ ਜਲਦੀ ਹੀ ਮਿਲ ਜਾਣਗੇ।
ਰਾਜਪਾਲ ਨੂੰ ਸੌਂਪੇ ਗਏ ਸਮਰਥਨ ਪੱਤਰ ਵਿਚ ਟੀ. ਵੀ. ਕੇ. (107), ਕਾਂਗਰਸ (5), ਮਾਕਪਾ-ਭਾਕਪਾ (4) ਦੇ ਵਿਧਾਇਕਾਂ ਦੇ ਦਸਤਖਤ ਸ਼ਾਮਲ ਹਨ। ਤਮਿਲਨਾਡੂ ਵਿਧਾਨ ਸਭਾ ਚੋਣਾਂ 2026 ਵਿਚ ਟੀ. ਵੀ. ਕੇ. ਨੂੰ 108 ਸੀਟਾਂ ਮਿਲੀਆਂ ਹਨ ਪਰ ਵਿਜੇ 2 ਸੀਟਾਂ ਤੋਂ ਚੋਣ ਲੜੇ ਸਨ, ਇਸ ਲਈ ਉਨ੍ਹਾਂ ਨੂੰ 1 ਸੀਟ ਛੱਡਣੀ ਪਵੇਗੀ। ਅਜਿਹੀ ਸਥਿਤੀ ਵਿਚ ਉਨ੍ਹਾਂ ਦੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ 107 ਮੰਨੀ ਜਾਵੇਗੀ। ਬਹੁਮਤ ਲਈ 118 ਸੀਟਾਂ ਦਾ ਅੰਕੜਾ ਜ਼ਰੂਰੀ ਹੈ।
ਇਸ ਤੋਂ ਪਹਿਲਾਂ ਟੀ. ਵੀ. ਕੇ. ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਤਮਿਲਨਾਡੂ ਵਿਚ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਦਾ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ। ਦੂਜੇ ਪਾਸੇ ਕਾਂਗਰਸ ਦੀ ਤਮਿਲਨਾਡੂ ਇਕਾਈ ਨੇ ਰਾਜਪਾਲ ਖਿਲਾਫ ਰਾਜ ਵਿਆਪੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਬਕਰੀਦ ਮੌਕੇ 109 ਥਾਵਾਂ 'ਤੇ ਕੁਰਬਾਨੀ ਦੀ ਇਜਾਜ਼ਤ ਦਿੱਤੀ ਗਈ
NEXT STORY