ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ ਵਿਚ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਢਹਿਣ ਕਾਰਨ 13 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਕੱਢਣ ਦੀ ਉਡੀਕ ਹੋਰ ਵਧ ਗਈ ਹੈ। ਬਚਾਅ ਕਾਰਜਾਂ 'ਚ ਲੱਗੀਆਂ ਟੀਮਾਂ ਨੇ ਹੁਣ ਤੱਕ 46.8 ਮੀਟਰ ਤੱਕ ਡ੍ਰਿਲ ਕੀਤੀ ਹੈ ਪਰ ਕਦੇ ਸਰੀਆ ਅਤੇ ਕਦੇ ਪੱਥਰ ਮਜ਼ਦੂਰਾਂ ਤੱਕ ਪਹੁੰਚਣ ਵਿਚ ਰੁਕਾਵਟ ਬਣ ਰਹੇ ਹਨ। ਇਸ ਦੌਰਾਨ ਔਗਰ ਮਸ਼ੀਨ ਵਿਚ ਖਰਾਬੀ ਆਉਣ ਕਾਰਨ ਡ੍ਰਿਲਿੰ ਦਾ ਕੰਮ ਬੰਦ ਕਰਨਾ ਪਿਆ। ਕਰੀਬ 10 ਤੋਂ 12 ਮੀਟਰ ਡ੍ਰਿਲਿੰਗ ਅਜੇ ਬਾਕੀ ਹੈ।
ਕੌਮਾਂਤਰੀ ਸੁਰੰਗ ਮਾਹਰ ਅਰਨੋਲਡ ਡਿਕਸ ਨੇ ਕਿਹਾ ਕਿ ਔਗਰ ਮਸ਼ੀਨ ਟੁੱਟ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਔਗਰ ਮਸ਼ੀਨ ਤੋਂ ਡ੍ਰਿਲ ਕਰਨ ਦੌਰਾਨ ਲਗਾਤਾਰ ਰੁਕਾਵਟਾਂ ਆ ਰਹੀਆਂ ਸਨ। ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਸੁਰੰਗ ਦੇ ਢਹਿ ਗਏ ਹਿੱਸੇ ਵਿਚ ਕੀਤੀ ਜਾ ਰਹੀ ਡ੍ਰਿਲਿੰਗ ਸ਼ੁੱਕਰਵਾਰ ਰਾਤ ਮੁੜ ਰੋਕਣੀ ਪਈ। ਜੋ ਕਿ ਬਚਾਅ ਕੋਸ਼ਿਸ਼ਾਂ ਲਈ ਇਕ ਹੋਰ ਝਟਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ 'ਚ ਹੁਣ ਹੱਥ ਨਾਲ ਡ੍ਰਿਲਿੰਗ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਪਰ ਇਸ ਵਿਚ ਸਮਾਂ ਵੱਧ ਲੱਗਦਾ ਹੈ।
ਦੱਸ ਦੇਈਏ ਕਿ ਚਾਰਧਾਮ ਯਾਤਰਾ ਮਾਰਗ 'ਤੇ ਬਣ ਰਹੀ ਸੁਰੰਗ ਦਾ ਇਕ ਹਿੱਸਾ 12 ਨਵੰਬਰ ਨੂੰ ਢਹਿ ਗਿਆ ਸੀ, ਜਿਸ ਨਾਲ ਉਸ ਵਿਚ ਕੰਮ ਕਰ ਰਹੇ 41 ਮਜ਼ਦੂਰ ਫਸ ਗਏ ਸਨ। ਉਦੋਂ ਤੋਂ ਵੱਖ-ਵੱਖ ਏਜੰਸੀਆਂ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ 'ਤੇ ਬਚਾਅ ਮੁਹਿੰਮ ਚਲਾ ਰਹੀਆਂ ਹਨ।
ਨਾਬਾਲਗ ਵਿਦਿਆਰਥਣ ਨਾਲ ‘ਵਿਆਹ’ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ
NEXT STORY