ਨਵੀਂ ਦਿੱਲੀ— ਦਿੱਲੀ ਦੇ ਇਕ ਕਾਰੋਬਾਰੀ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਨੂੰ ਖ਼ਤਮ ਕਰਨ ਲਈ ਅਜਿਹੀ ਸਾਜਿਸ਼ ਰਚੀ, ਜਿਸ ਨੂੰ ਸੁਣ ਕੇ ਪੁਲਸ ਵੀ ਸੋਚਾਂ ’ਚ ਪੈ ਗਈ। ਦਿੱਲੀ ਦੇ ਇੰਦਰਪੁਰੀ ਇਲਾਕੇ ਦੀ ਇਹ ਘਟਨਾ ਹੈ। ਇਸ ਮਾਮਲੇ ਵਿਚ ਪਰਿਵਾਰ ਦੇ ਜੁਆਈ ਵਰੁਣ ਅਰੋੜਾ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਦੀ ਸੱਸ ਅਤੇ ਸਾਲੀ ਦੀ ਮੌਤ ਹੋ ਚੁੱਕੀ ਹੈ, ਜਦਕਿ ਪਤਨੀ ਅਤੇ ਸਹੁਰੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦਰਅਸਲ ਵਰੁਣ ਨੇ ਜ਼ਹਿਰ ਦੇ ਕੇ ਪਰਿਵਾਰ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਦੋਸ਼ੀ ਵਰੁਣ ਨੇ ‘ਥੈਲੀਅਮ’ ਨਾਂ ਦੇ ਜ਼ਹਿਰ ਦਾ ਇਸਤੇਮਾਲ ਕੀਤਾ, ਜੋ ਹਰ ਕਿਸੇ ਨੂੰ ਆਸਾਨੀ ਨਾਲ ਨਹੀਂ ਮਿਲਦਾ ਹੈ।
ਵਰੁਣ ਨੇ ਗੂਗਲ ’ਤੇ ਇਸ ਜ਼ਹਿਰ ਨੂੰ ਸਰਚ ਕੀਤਾ ਅਤੇ ਬਾਅਦ ’ਚ ਉਸ ਨੇ ਆਪਣੀ ਪਤਨੀ ਸਮੇਤ ਪੂਰੇ ਸਹੁਰੇ ਪਰਿਵਾਰ ਨੂੰ ਮੱਛੀ ’ਚ ਥੈਲੀਅਮ ਜ਼ਹਿਰ ਮਿਲਾ ਕੇ ਦਿੱਤਾ। ਇਸ ਜ਼ਹਿਰ ਨਾਲ ਵਰੁਣ ਦੀ ਸੱਸ ਅਨਿਤਾ ਅਤੇ ਸਾਲੀ ਪਿ੍ਰਅੰਕਾ ਦੀ ਮੌਤ ਹੋ ਗਈ, ਜਦਕਿ ਪਤਨੀ ਦਿਵਿਯਾ ਅਰੋੜਾ ਅਤੇ ਸਹੁਰਾ ਦਵਿੰਦਰ ਅਜੇ ਵੀ ਹਸਪਤਾਲ ’ਚ ਦਾਖ਼ਲ ਹਨ ਅਤੇ ਕੋਮਾ ਵਿਚ ਹਨ।
ਦੱਸਿਆ ਜਾ ਰਿਹਾ ਹੈ ਕਿ ਸਹੁਰੇ ਪਰਿਵਾਰ ਵਲੋਂ ਕਿਸੇ ਗੱਲ ’ਤੇ ਵਰੁਣ ਦੀ ਬੇਇੱਜ਼ਤੀ ਕੀਤੀ ਗਈ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਇਸ ਸਾਲ 31 ਜਨਵਰੀ ਨੂੰ ਆਪਣੀ ਪਤਨੀ ਸਮੇਤ ਸਹੁਰੇ ਪਰਿਵਾਰ ਨੂੰ ਮੱਛੀ ਵਿਚ ਥੈਲੀਅਮ ਮਿਲਾ ਕੇ ਦੇ ਦਿੱਤਾ ਸੀ। ਪੁਲਸ ਦਾ ਕਹਿਣਾ ਹੈ ਕਿ ਥੈਲੀਅਮ ਇਕ ਅਜਿਹਾ ਸਲੋ ਪੌਇਜਨ ਹੈ, ਜੋ ਹੌਲੀ-ਹੌਲੀ ਜ਼ਿੰਦਗੀ ਲੈਂਦਾ ਹੈ। ਇਸ ਨਾਲ ਇਨਸਾਨ ਦੇ ਬਾਲ ਝੜਨ ਲੱਗਦੇ ਹਨ ਅਤੇ ਸਰੀਰ ਵਿਚ ਹੋਰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਪੈਦਾ ਹੋਣ ਲੱਗਦੀਆਂ ਹਨ। ਅਖ਼ੀਰ ਵਿਚ ਇਨਸਾਨ ਦੀ ਮੌਤ ਹੋ ਜਾਂਦੀ ਹੈ।
ਵਰੁਣ ਦੇ ਸਹੁਰੇ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਾਲ 2009 ’ਚ ਦਿਵਿਯਾ ਅਤੇ ਵਰੁਣ ਦਾ ਵਿਆਹ ਹੋਇਆ ਸੀ। ਉਨ੍ਹਾਂ ਦਾ ਜੁਆਈ ਗੁੱਸੇ ਵਾਲੇ ਸੁਭਾਅ ਦਾ ਸੀ ਅਤੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦਿਵਿਯਾ ਨਾਲ ਝਗੜਾ ਕਰਨ ਲੱਗਾ ਸੀ। ਦਿਵਿਯਾ ਨੇ ਆਈ. ਵੀ. ਐੱਫ. ਤਕਨੀਕ ਦੇ ਸਹਾਰੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਹਾਲਾਂਕਿ ਉਹ ਇਸ ਤੋਂ ਬਾਅਦ ਗਰਭਵਤੀ ਹੋ ਗਈ ਸੀ। ਦਿਵਿਯਾ ਦਾ ਪਰਿਵਾਰ ਇਸ ਬੱਚੇ ਨੂੰ ਚਾਹੁੰਦਾ ਸੀ ਪਰ ਡਾਕਟਰਾਂ ਨੇ ਕਿਹਾ ਸੀ ਕਿ ਇਸ ਨਾਲ ਦਿਵਿਯਾ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਤੋਂ ਬਾਅਦ ਵਰੁਣ ਅਤੇ ਉਸ ਦਾ ਪਰਿਵਾਰ ਦਿਵਿਯਾ ਨੂੰ ਕਾਫੀ ਪਰੇਸ਼ਾਨ ਕਰਨ ਲੱਗੇ ਸਨ। 31 ਜਨਵਰੀ ਨੂੰ ਦਿਵਿਯਾ ਆਪਣੇ ਪਰਿਵਾਰ ਇੰਦਰਪੁਰੀ ਆਈ ਸੀ। ਇਸ ਦੌਰਾਨ ਵਰੁਣ ਨੇ ਦਿਵਿਯਾ, ਸੱਸ, ਸਹੁਰੇ ਅਤੇ ਸਾਲੀ ਨੂੰ ਜ਼ਬਰਦਸਤੀ ਮੱਛੀ ਖੁਆਈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਦੀ ਹਾਲਤ ਖਰਾਬ ਹੁੰਦੀ ਗਈ। ਵਰੁਣ ਨੇ ਪੁੱਛ-ਗਿੱਛ ਵਿਚ ਪੁਲਸ ਨੂੰ ਦੱਸਿਆ ਕਿ ਸਹੁਰੇ ਪਰਿਵਾਰ ਤੋਂ ਮਿਲੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸ ਨੇ ਅਜਿਹਾ ਕੀਤਾ ਸੀ।
ਚੋਣ ਕਮਿਸ਼ਨ ਨੇ ਬੰਗਾਲ 'ਚ 5 ਅਧਿਕਾਰੀਆਂ ਦੇ ਤਬਾਦਲੇ ਦਾ ਦਿੱਤਾ ਆਦੇਸ਼
NEXT STORY