Fact Check By AajTak
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਵੋਟਿੰਗ ਖ਼ਤਮ ਹੋ ਗਈ ਹੈ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ ਇਸ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਦੇ ਵਿਚਕਾਰ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ (ਏਆਈਐਮਆਈਐਮ) ਪਾਰਟੀ ਦੇ ਮੁਖੀ ਅਸਦੁਦੀਨ ਓਵੈਸੀ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ, ਜਿਸ 'ਚ ਉਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਚੋਣਾਂ ਨੂੰ ਲੈ ਕੇ ਹੈਰਾਨ ਕਰਨ ਦੇਣ ਵਾਲਾ ਬਿਆਨ ਦੇ ਰਹੇ ਹਨ। ਦਰਅਸਲ, ਵੀਡੀਓ 'ਚ ਓਵੈਸੀ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਉਮੀਦ ਜਤਾਉਂਦੇ ਨਜ਼ਰ ਆ ਰਹੇ ਹਨ।
ਵਾਇਰਲ ਵੀਡੀਓ 'ਚ ਓਵੈਸੀ ਕਹਿੰਦੇ ਹਨ,“ਸਾਨੂੰ ਨਹੀਂ ਪਤਾ। ਦੇਸ਼ ਦੀ ਜਨਤਾ ਫ਼ੈਸਲਾ ਕਰੇਗੀ ਨਾ। ਅਸੀਂ ਉਮੀਦ ਕਰ ਰਹੇ ਹਾਂ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ। ਉਸੇ ਲਈ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ” ਵੀਡੀਓ 'ਤੇ ਟਿੱਪਣੀ ਕਰਦੇ ਹੋਏ, ਬਹੁਤ ਸਾਰੇ ਲੋਕ ਓਵੈਸੀ 'ਤੇ ਤੰਜ਼ ਕੱਸ ਰਹੇ ਹਨ ਕਿ ਨਤੀਜੇ ਨੇੜੇ ਆਉਂਦੇ ਹੀ ਉਨ੍ਹਾਂ ਦੀ ਸੁਰ ਬਦਲ ਗਏ ਹਨ।
ਅਜਿਹੀ ਹੀ ਇਕ ਪੋਸਟ 'ਚ ਵੀਡੀਓ ਦੇ ਅੰਦਰ ਲਿਖਿਆ ਗਿਆ ਹੈ,“ਰੁਝਾਨ ਆਉਣੇ ਸ਼ੁਰੂ ਹੋ ਗਏ, ਮਾਨਯੋਗ ਸ਼੍ਰੀ ਨਰਿੰਦਰ ਦਾਮੋਦਰ ਦਾਸ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ। ਪਟਨਾ, ਬਿਹਾਰ : AIMIM ਮੁਖੀ ਅਸਦੁਦੀਨ ਓਵੈਸੀ ਨੇ ਕਿਹਾ, ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ।'' ਤੁਸੀਂ ਇਸ ਪੋਸਟ ਦਾ ਆਕਰਾਈਵਡ ਵਰਜਨ ਇੱਥੇ ਦੇਖ ਸਕਦੇ ਹੋ।
ਆਜਤਕ ਫੈਕਟ ਜਾਂਚ ਵਿਚ ਪਾਇਆ ਗਿਆ ਕਿ ਇਹ ਵੀਡੀਓ ਐਡਿਟੇਡ ਹੈ। ਅਸਲ ਵੀਡੀਓ 'ਚ ਓਵੈਸੀ ਨੇ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨਗੇ। ਵਾਇਰਲ ਵੀਡੀਓ ਵਿਚ "ਨਹੀਂ" ਸ਼ਬਦ ਨੂੰ ਐਡੀਟਿੰਗ ਦੀ ਮਦਦ ਨਾਲ ਹਟਾ ਦਿੱਤਾ ਗਿਆ ਹੈ।
ਕਿਵੇਂ ਪਤਾ ਲਗਾਈ ਸੱਚਾਈ?
ਵੀਡੀਓ ਦੇ ਕੀਫ੍ਰੇਮਸ ਨੂੰ ਰਿਵਰਸ ਸਰਚ ਕਰਨ 'ਤੇ, ਸਾਨੂੰ 'ਨਿਊਜ਼ 24' ਦਾ ਇਕ ਟਵੀਟ ਮਿਲਿਆ। 25 ਮਈ 2024 ਦੇ ਇਸ ਟਵੀਟ 'ਚ ਵਾਇਰਲ ਵੀਡੀਓ ਦਾ ਅਸਲ ਵਰਜਨ ਸ਼ੇਅਰ ਕੀਤਾ ਗਿਆ ਹੈ। ਇਸ 'ਚ ਓਵੈਸੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣਨਗੇ।
ਥੋੜਾ ਹੋਰ ਖੋਜ ਕਰਨ ਤੋਂ ਬਾਅਦ ਸਾਨੂੰ ਓਵੈਸੀ ਦੇ ਇਸ ਬਿਆਨ ਨੂੰ ਲੈ ਕੇ ਨਿਊਜ਼ ਏਜੰਸੀ 'ਏਐਨਆਈ' ਦਾ ਇਕ ਟਵੀਟ ਮਿਲਿਆ। ਇਸ ਵਿੱਚ ਲਿਖਿਆ ਹੈ, “#WATCH ਪਟਨਾ, ਬਿਹਾਰ: AIMIM ਮੁਖੀ ਅਸਦੁਦੀਨ ਓਵੈਸੀ ਨੇ ਕਿਹਾ,''ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਨਹੀਂ ਬਣਨਗੇ।'' ਮੁਸਲਿਮ ਰਾਖਵੇਂਕਰਨ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਉਨ੍ਹਾਂ ਕਿਹਾ,''ਉਹ (ਅਮਿਤ ਸ਼ਾਹ) ਸਾਰਿਆਂ ਦਾ ਰਾਖਵਾਂਕਰਨ ਖ਼ਤਮ ਕਰ ਦੇਣਗੇ, ਸੰਵਿਧਾਨ ਨੂੰ ਵੀ ਖਤਮ ਕਰ ਦੇਣਗੇ।''
ਕਰੀਬ ਇਕ ਮਿੰਟ ਦੇ ਇਸ ਵੀਡੀਓ 'ਚ ਓਵੈਸੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਬਣਨਗੇ ਅਤੇ ਉਹ ਇਸ ਦਿਸ਼ਾ 'ਚ ਯਤਨ ਕਰ ਰਹੇ ਹਨ। ਇਸ ਤੋਂ ਬਾਅਦ ਇਕ ਪੱਤਰਕਾਰ ਨੇ ਉਨ੍ਹਾਂ ਨੂੰ ਅਮਿਤ ਸ਼ਾਹ ਦੇ 400 ਸੀਟਾਂ ਜਿੱਤਣ 'ਤੇ ਮੁਸਲਿਮ ਰਾਖਵਾਂਕਰਨ ਖ਼ਤਮ ਕਰਨ ਦੇ ਦਾਅਵੇ ਬਾਰੇ ਪੁੱਛਿਆ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਓਵੈਸੀ ਨੇ ਕਿਹਾ ਕਿ ਅਮਿਤ ਸ਼ਾਹ ਦਾ ਇਰਾਦਾ ਹੈ ਕਿ ਉਹ ਸਾਰਿਆਂ ਦਾ ਹੀ ਰਾਖਵਾਂਕਰਨ ਬੰਦ ਕਰਨ ਅਤੇ ਸੰਵਿਧਾਨ ਨੂੰ ਵੀ ਖ਼ਤਮ ਕਰ ਦੇਣ।
25 ਮਈ 2024 ਨੂੰ ਕਈ ਮੀਡੀਆ ਆਊਟਲੈਟਸ ਨੇ ਓਵੈਸੀ ਦੇ ਇਸ ਬਿਆਨ ਦਾ ਵੀਡੀਓ ਸ਼ੇਅਰ ਕੀਤਾ ਸੀ। ਬਿਆਨ ਬਾਰੇ ਪ੍ਰਕਾਸ਼ਿਤ 'ਏਬੀਪੀ ਨਿਊਜ਼' ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਓਵੈਸੀ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੌਰਾਨ 25 ਮਈ ਨੂੰ ਬਿਹਾਰ ਦੌਰੇ ਲਈ ਪਟਨਾ ਪਹੁੰਚੇ ਸਨ। ਉੱਥੇ ਉਹ ਕਾਰਾਕਾਟ ਲੋਕ ਸਭਾ ਸੀਟ ਤੋਂ ਏਆਈਐਮਆਈਐਮ ਉਮੀਦਵਾਰ ਪ੍ਰਿਅੰਕਾ ਚੌਧਰੀ ਦੇ ਸਮਰਥਨ 'ਚ ਰੋਹਤਾਸ ਜ਼ਿਲ੍ਹੇ ਦੇ ਨਸੀਰਗੰਜ 'ਚ ਇਕ ਜਨਸਭਾ ਨੂੰ ਸੰਬੋਧਿਤ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਆਲੋਚਨਾ ਕਰਦੇ ਹੋਏ ਇਹ ਬਿਆਨ ਦਿੱਤਾ।
ਸਾਫ਼ ਹੈ ਕਿ ਓਵੈਸੀ ਦੇ ਵੀਡੀਓ ਨੂੰ ਐਡਿਟ ਕਰਕੇ ਲੋਕਾਂ ਵਿਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਨਤੀਜੇ ਨੇੜੇ ਆ ਰਹੇ ਹਨ, ਉਹ ਭਾਜਪਾ ਦੇ ਹੱਕ ਵਿਚ ਬਿਆਨਬਾਜ਼ੀ ਕਰ ਰਹੇ ਹਨ।
(Disclaimer: ਇਹ ਫੈਕਟ ਮੂਲ ਤੌਰ 'ਤੇ AajTak ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
Zomato ਦੀ ਪੋਸਟ ਦੇਖ ਕੇ ਨਾਰਾਜ਼ ਹੋਏ ਯੂਜ਼ਰਜ਼, ਕਿਹਾ- ਮੈਂ ਐਪ ਹੀ ਡਿਲੀਟ ਕਰ ਰਿਹਾ ਹਾਂ...
NEXT STORY